ਲੰਡਨ, 8 ਅਗਸਤ
ਕੌਮੀ ਸਿਹਤ ਸੇਵਾ (ਐੱਨਐੱਚਐੱਸ) ਦੀਆਂ ਨਰਸਾਂ ਅਤੇ ਹੋਰ ਮੈਡੀਕਲ ਸਟਾਫ਼ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਪਣੀਆਂ ਢੁਕਵੀਆਂ ਤਨਖ਼ਾਹਾਂ ਦੀ ਮੰਗ ਨੂੰ ਲੈ ਕੇ ਬਰਤਾਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤਾ। ਸਰਕਾਰ ਨੇ ਬੀਤੇ ਮਹੀਨੇ ਤਨਖ਼ਾਹ ਵਧਾਉਣ ਦਾ ਐਲਾਨ ਕਰਦਿਆਂ ਜ਼ਿਆਦਾਤਰ ਸਰਕਾਰੀ ਅਦਾਰਿਆਂ ਦੇ ਕਾਮਿਆਂ ਜਿਨ੍ਹਾਂ ਵਿੱਚ ਡਾਕਟਰਾਂ ਵੀ ਸ਼ਾਮਲ ਹਨ, ਨੂੰ ਇਸ ਸਾਲ ਅਪਰੈਲ ਮਹੀਨੇ ਤੋਂ ਮਹਿੰਗਾਈ ਭੱਤਾ ਦੇਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਸਰਕਾਰੀ ਸਹਾਇਤਾ ਨਾਲ ਚੱਲਦੇ ਐੱਨਐੱਚਐੱਸ ਦੇ ਦਸ ਲੱਖ ਸਟਾਫ਼ ਨੂੰ ਇਸ ਤੋਂ ਬਾਹਰ ਰੱਖਿਆ ਗਿਆ, ਜੋ ਵੱਖ-ਵੱਖ ਠੇਕਿਆਂ ਅਧੀਨ ਨਰਸਾਂ, ਸਫ਼ਾਈ ਕਾਮੇ ਅਤੇ ਦੇਖਭਾਲ ਕਰਨ ਵਾਲੇ ਵਜੋਂ ਕੰਮ ਕਰ ਰਹੇ ਹਨ। ਇਹ ਪ੍ਰਦਰਸ਼ਨ ‘ਐੱਨਐੱਚਐੱਸ ਪਬਲਿਕ ਸੇਅ ਨੋ ਟੂ ਪਬਲਿਕ ਸੈਕਟਰ ਪੇਅ ਇਨਇਕੁਐਲਿਟੀ’ (ਸਰਕਾਰੀ ਅਦਾਰਿਆਂ ਦੀ ਤਨਖ਼ਾਹਾਂ ਵਿੱਚ ਨਾਬਰਾਬਰਤਾ ਨਹੀਂ) ਦੇ ਬੈਨਰ ਹੇਠ ਕੀਤਾ ਗਿਆ ਸੀ।
-ਪੀਟੀਆਈ