ਹਰਜੀਤ ਲਸਾੜਾ
ਬ੍ਰਿਸਬੇਨ, 8 ਨਵੰਬਰ
ਇੱਥੇ ਪੰਜਾਬੀ ਸਾਹਿਤ ਅਤੇ ਮਾਤ ਭਾਸ਼ਾ ਦੇ ਪਸਾਰੇ ਲਈ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਸਾਹਿਤਕ ਮੈਗਜ਼ੀਨ ‘ਤਾਸਮਨ’ ਦਾ ਨਵੰਬਰ ਅੰਕ ਰਿਲੀਜ਼ ਕੀਤਾ ਗਿਆ। ਇਸ ਮੌਕੇ ਇਕ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਦੌਰਾਨ ਮੰਚ ਸੰਚਾਲਨ ਮੈਗਜ਼ੀਨ ‘ਤਾਸਮਨ’ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ ਨੇ ਕੀਤਾ। ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਪੰਜਾਬੀ ਕਾਵਿ ਛੰਦਬੱਧਾਂ ਰਾਹੀਂ ਭਾਰਤ ਦੇ ਮੌਜੂਦਾ ਹਾਲਾਤ ਬਾਰੇ ਉਸਾਰੂ ਸੰਦੇਸ਼ ਦਿੰਦਿਆਂ ਸਰਕਾਰਾਂ ਨੂੰ ਹੈਂਕੜ ਛੱਡਕੇ ਲੋਕਾਂ ਦੀ ਭਲਾਈ ਤੇ ਬਹਾਲੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਪਰਮਿੰਦਰ, ਗੁਰਵਿੰਦਰ, ਦਿਨੇਸ਼ ਸ਼ੇਖਪੁਰੀ, ਜਗਜੀਤ ਖੋਸਾ ਅਤੇ ਹਰਜੀਤ ਲਸਾੜਾ ਵੱਲੋਂ ਕਵਿਤਾਵਾਂ ਅਤੇ ਤਕਰੀਰਾਂ ਰਾਹੀਂ ਕਿਸਾਨੀ ਸੰਘਰਸ਼, ਸਮਾਜਿਕ ਮੁੱਦਿਆਂ ਅਤੇ ਹਾਕਮਾਂ ਦੇ ਲੂੰਬੜ ਵਰਤਾਰੇ ਬਾਰੇ ਗੰਭੀਰ ਚਿੰਤਨ ਕੀਤਾ ਗਿਆ। ਗਾਇਕ ਹਰਮਨ ਨੇ ਗੀਤਾਂ ਤੇ ਸੰਗੀਤਕ ਸੁਮੇਲ ਨਾਲ ਚੰਗਾ ਰੰਗ ਬੰਨ੍ਹਿਆ। ਸਭਾ ਦੇ ਉਪ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬੀ ਬੋਲੀ ਦੇ ਪਾਸਾਰ ਲਈ ਸੰਸਥਾ ਦੀਆਂ ਭਵਿੱਖੀ ਸਰਗਰਮੀਆਂ ਲਈ ਵਚਨਬੱਧਤਾ ਵੀ ਦੁਹਰਾਈ।