ਵਾਸ਼ਿੰਗਟਨ, 19 ਜੁਲਾਈ
ਚੋਟੀ ਦੇ ਇਕ ਡੈਮੋਕ੍ਰੈਟਿਕ ਆਗੂ ਦਾ ਕਹਿਣਾ ਹੈ ਕਿ ਭਾਰਤੀ-ਅਮਰੀਕੀ ਭਾਈਚਾਰਾ ਰਾਸ਼ਟਰਪਤੀ ਚੋਣਾਂ ’ਚ ਵੱਖ-ਵੱਖ ਸੂਬਿਆਂ ਦੇ ‘ਚੋਣ ਨਤੀਜਿਆਂ ’ਚ ਫ਼ਰਕ ਪਾ ਸਕਦਾ ਹੈ।’ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਨੂੰ ਕਰੀਬ 100 ਦਿਨ ਰਹਿ ਗਏ ਹਨ। ਰਿਪਬਲਿਕਨ ਤੇ ਡੈਮੋਕ੍ਰੈਟਿਕ ਪਾਰਟੀਆਂ ਗਿਣਤੀ ’ਚ ਛੋਟੇ ਪਰ ਰਸੂਖ਼ਵਾਨ ਭਾਰਤੀ ਭਾਈਚਾਰੇ ਨੂੰ ਖਿੱਚਣ ਲਈ ਹਰ ਹੀਲਾ ਵਰਤ ਰਹੀਆਂ ਹਨ। ਮਿਸ਼ੀਗਨ, ਪੈੱਨਸਿਲਵੇਨੀਆ ਤੇ ਵਿਸਕੌਨਸਿਨ ਵਿਚ ਦੋਵਾਂ ਦਾ ਜ਼ਿਆਦਾ ਜ਼ੋਰ ਲੱਗਿਆ ਹੋਇਆ ਹੈ। ਮਿਸ਼ੀਗਨ ਵਿਚ 1,25,000 ਭਾਰਤੀ ਵੋਟਰ ਹਨ। ਡੈਮੋਕ੍ਰੈਟ ਆਗੂ ਥੌਮਸ ਪੇਰੇਜ਼ ਨੇ ਕਿਹਾ ਕਿ ਉਹ ਮਿਸ਼ੀਗਨ ਪਿਛਲੀ ਵਾਰ 10,700 ਵੋਟਾਂ ਨਾਲ ਹਾਰ ਗਏ ਸਨ। ਐਰੀਜ਼ੋਨਾ, ਫਲੋਰਿਡਾ, ਜੌਰਜੀਆ, ਮਿਸ਼ੀਗਨ, ਉੱਤਰੀ ਕੈਰੋਲੀਨਾ, ਪੈੱਨਸਿਲਵੇਨੀਆ, ਟੈਕਸਸ ਤੇ ਵਿਸਕੌਨਸਿਨ ਵਿਚ ਕਰੀਬ 13 ਲੱਖ ਭਾਰਤੀ-ਅਮਰੀਕੀ ਵੋਟਰ ਹਨ। 2016 ਵਿਚ ਡੈਮੋਕ੍ਰੈਟਿਕ ਪਾਰਟੀ ਪੈੱਨਸਿਲਵੇਨੀਆ ਤੇ ਵਿਸਕੌਨਸਿਨ ਵਿਚ ਹਾਰ ਗਈ ਸੀ। ਪੇਰੇਜ਼ ਨੇ ਕਿਹਾ ਕਿ ਭਾਰਤੀ-ਅਮਰੀਕੀ ਵੋਟਰ, ਏਸ਼ਿਆਈ-ਅਮਰੀਕੀ ਤੇ ਪੈਸੇਫਿਕ ਆਈਲੈਂਡਰ ਖੁੱਲ੍ਹ ਕੇ ਵੋਟ ਕਰਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ। ਅੰਕੜਿਆਂ ਮੁਤਾਬਕ 2016 ਵਿਚ 77 ਫ਼ੀਸਦ ਭਾਰਤੀ-ਅਮਰੀਕੀਆਂ ਨੇ ਹਿਲੇਰੀ ਕਲਿੰਟਨ ਦੇ ਹੱਕ ਵਿਚ ਵੋਟ ਪਾਈ ਸੀ। ਇਸ ਵਾਰ ਸਾਰੇ ਸਰਵੇਖਣਾਂ ਵਿਚ ਭਾਰਤੀ-ਅਮਰੀਕੀਆਂ ਦੇ ਵੋਟ ਲੈਣ ਦੇ ਮਾਮਲੇ ਵਿਚ ਬਿਡੇਨ ਰਾਸ਼ਟਰਪਤੀ ਟਰੰਪ ਤੋਂ ਅੱਗੇ ਚੱਲ ਰਹੇ ਹਨ। -ਪੀਟੀਆਈ