ਇਸਲਾਮਾਬਾਦ, 2 ਅਗਸਤ
ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਝਟਕਾ ਦਿੰਦਿਆਂ ਅੱਜ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੂੰ 34 ਵਿਦੇਸ਼ੀ ਨਾਗਰਿਕਾਂ ਅਤੇ 351 ਵਿਦੇਸ਼ੀ ਕੰਪਨੀਆਂ ਤੋਂ ਪਾਬੰਦੀਸ਼ੁਦਾ ਫੰਡ ਪ੍ਰਾਪਤ ਕਰਨ ਲਈ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਹੈ। ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ, ਨਿਸਾਰ ਅਹਿਮਦ ਦੁੱਰਾਨੀ ਅਤੇ ਸ਼ਾਹ ਮੁਹੰਮਦ ਜੈਤੋਈ ’ਤੇ ਆਧਾਰਿਤ ਏਸੀਪੀ ਦੇ ਤਿੰਨ ਮੈਂਬਰੀ ਬੈਂਚ ਨੇ ਪੀਟੀਆਈ ਦੇ ਬਾਨੀ ਮੈਂਬਰ ਅਕਬਰ ਐੱਸ ਬਾਬਰ ਵੱਲੋਂ ਦਾਇਰ ਕੀਤੇ ਗਏ ਕੇਸ ਵਿੱਚ ਸਰਬਸੰਮਤੀ ਨਾਲ ਇਹ ਫ਼ੈਸਲਾ ਸੁਣਾਇਆ ਹੈ। ਇਹ ਕੇਸ ਨਵੰਬਰ 2014 ਤੋਂ ਲੰਬਿਤ ਸੀ। ਕਮਿਸ਼ਨ ਨੇ ਕਿਹਾ ਕਿ ਪੀਟੀਆਈ ਨੂੰ 34 ਵਿਦੇਸ਼ੀ ਨਾਗਰਿਕਾਂ ਅਤੇ ਕਾਰੋਬਾਰੀ ਆਰਿਫ ਨਕਵੀ ਤੋਂ ਫੰਡ ਪ੍ਰਾਪਤ ਹੋਏ ਹਨ। ਡਾਨ ਅਖਬਾਰ ਅਨੁਸਾਰ ਈਸੀਪੀ ਨੇ ਕਿਹਾ ਹੈ ਕਿ ਪੀਟੀਆਈ ਨੂੰ ਭਾਰਤੀ ਮੂਲ ਦੀ ਅਮਰੀਕੀ ਕਾਰੋਬਾਰੀ ਰੋਮਿਤਾ ਸ਼ੈੱਟੀ ਤੋਂ ਵੀ ਫੰਡ ਪ੍ਰਾਪਤ ਹੋਇਆ ਹੈ, ਜੋ ਨਿਯਮਾਂ ਦੇ ਖ਼ਿਲਾਫ਼ ਸੀ। ਪਟੀਸ਼ਨਰ ਬਾਬਰ ਨੇ ਕਿਹਾ ਕਿ ਇਹ ਪੀਟੀਆਈ ਦੇ ‘ਫਾਸ਼ੀਵਾਦ’ ਨੂੰ ਖਤਮ ਕਰਨ ਵੱਲ ਕਦਮ ਹੈ। ਈਸੀਪੀ ਦੇ ਇਸ ਫੈਸਲੇ ’ਤੇ ਖਾਨ ਦੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। -ਪੀਟੀਆਈ