ਸਿਓਲ: ਉੱਤਰ ਕੋਰੀਆ ਨੇ ਇਕ ਬੈਲਿਸਟਿਕ ਮਿਜ਼ਾਈਲ ਦਾ ਸਮੁੰਦਰ ਵਿਚ ਪ੍ਰੀਖਣ ਕੀਤਾ ਹੈ। ਦੱਖਣ ਕੋਰਿਆਈ ਸੈਨਾ ਨੇ ਇਸ ਨੂੰ ਪਣਡੁੱਬੀ ਤੋਂ ਮਾਰ ਕਰਨ ਵਾਲਾ ਹਥਿਆਰ ਦੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਉੱਤਰੀ ਕੋਰੀਆ ਦੀ ਸੈਨਾ ਵੱਲੋਂ ਹਥਿਆਰਾਂ ਦੇ ਸਭ ਤੋਂ ਮਹੱਤਵਪੂਰਨ ਪ੍ਰਦਰਸ਼ਨਾਂ ਵਿਚੋਂ ਇਕ ਹੈ। ਮਿਜ਼ਾਈਲ ਦਾ ਪ੍ਰੀਖਣ ਅਜਿਹੇ ਸਮੇਂ ਹੋਇਆ ਹੈ ਜਦ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਉਤੇ ਕੂਟਨੀਤੀ ਬਹਾਲ ਕਰਨ ਦੀ ਆਪਣੀ ਪੇਸ਼ਕਸ਼ ਦੁਹਰਾਈ ਹੈ। ਦੱਖਣੀ ਕੋਰਿਆਈ ਤੇ ਅਮਰੀਕੀ ਸੈਨਾਵਾਂ ਇਸ ਪ੍ਰੀਖਣ ਦਾ ਕਰੀਬੀ ਵਿਸ਼ਲੇਸ਼ਣ ਕਰ ਰਹੀਆਂ ਹਨ। ਜਪਾਨ ਦੀ ਸੈਨਾ ਨੇ ਕਿਹਾ ਕਿ ਉਸ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਉੱਤਰ ਕੋਰੀਆ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। -ਏਪੀ