ਸਿਓਲ, 13 ਸਤੰਬਰ
ਉੱਤਰੀ ਕੋਰੀਆ ਨੇ ਦੱਸਿਆ ਕਿ ਉਸ ਵੱਲੋਂ ਨਵੀਂ ਤਿਆਰ ਕੀਤੀ ਗਈ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ ਸਫ਼ਲਤਾਪੂਰਵਕ ਰਿਹਾ। ਜ਼ਿਕਰਯੋਗ ਹੈ ਕਿ ਅਮਰੀਕਾ ਨਾਲ ਪਰਮਾਣੂ ਵਾਰਤਾ ਵਿੱਚ ਆਈ ਖੜੋਤ ਦੇ ਦਰਮਿਆਨ ਉੱਤਰੀ ਕੋਰੀਆ ਆਪਣੀ ਫੌਜੀ ਸਮਰੱਥਾ ਨੂੰ ਵਧਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ।
ਕੋਰੀਆ ਦੀ ਸੈਂਟਰਲ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਨਿੱਚਰਵਾਰ ਤੇ ਐਤਵਾਰ ਨੂੰ ਕੀਤੇ ਗਏ ਉਡਾਣ ਪ੍ਰੀਖਣ ਦੌਰਾਨ ਇਹ ਮਿਜ਼ਾਈਲ 1500 ਕਿਲੋਮੀਟਰ (932 ਮੀਲ) ’ਤੇ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਨੂੰ ਤਿਆਰ ਕਰਨ ਵਿੱਚ ਦੋ ਵਰ੍ਹਿਆਂ ਦਾ ਸਮਾਂ ਲੱਗਿਆ ਹੈ। ਉਤਰੀ ਕੋਰੀਆ ਨੇ ਆਪਣੀ ਨਵੀਂ ਮਿਜ਼ਾਈਲ ਨੂੰ ‘ਅਹਿਮ ਰਣਨੀਤਿਕ ਹਥਿਆਰ’ ਕਰਾਰ ਦਿੱਤਾ ਹੈ। ਇਸ ਮਿਜ਼ਾਈਲ ਨਾਲ ਆਗੂ ਕਿਮ ਜੋਂਗ ਉਨ ਦੀ ਦੇਸ਼ ਦੇ ਫੌਜੀ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਇੱਛਾ ਵੀ ਪੂਰੀ ਹੋਵੇਗੀ। -ਏਪੀ