ਟੋਕੀਓ, 4 ਅਕਤੂਬਰ
ਜਾਪਾਨ ਨੇ ਸਾਪੋਰੋ ਵਿੱਚ ਰੂਸੀ ਰਾਜਦੂਤ ਨੂੰ ਦਸ ਅਕਤੂਬਰ ਤੱਕ ਦੇਸ਼ ਛੱਡਣ ਦੇ ਆਦੇਸ਼ ਦਿੱਤੇ ਹਨ। ਰੂਸ ਨੇ ਪਿਛਲੇ ਮਹੀਨੇ ਵਲਾਦੀਵੋਸਤੋਕ ’ਚ ਜਾਪਾਨੀ ਰਾਜਦੂਤ ਨੂੰ ਕੱਢਿਆ ਸੀ, ਜਿਸ ਦੇ ਜਵਾਬ ਵਿੱਚ ਜਾਪਾਨ ਨੇ ਇਹ ਕਾਰਵਾਈ ਕੀਤੀ ਹੈ। ਰੂਸ ਦੀ ਐੱਫਐੱਸਬੀ ਸੁਰੱਖਿਆ ਏਜੰਸੀ ਨੇ ਸਤੰਬਰ ਮਹੀਨੇ ਕਿਹਾ ਸੀ ਕਿ ਉਸ ਨੇ ਜਾਸੂਸੀ ਦੇ ਸ਼ੱਕ ਵਿੱਚ ਜਾਪਾਨੀ ਰਾਜਦੂਤ ਨੂੰ ਹਿਰਾਸਤ ਵਿੱਚ ਲਿਆ ਸੀ ਤੇ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ। ਇਸ ਮਗਰੋਂ ਜਾਪਾਨ ਨੇ ਇਹ ਕਦਮ ਉਠਾਇਆ ਹੈ। ਉਪ ਵਿਦੇਸ਼ ਮੰਤਰੀ ਟਾਕਿਓ ਮੋਰੀ ਨੇ ਅੱਜ ਰੂਸੀ ਰਾਜਦੂਤ ਮਿਖ਼ਾਈਲ ਗਲੂਜ਼ਿਨ ਨੂੰ ਤਲਬ ਕੀਤਾ ਤੇ ਜਾਪਾਨ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। ਦੇਸ਼ ਨੇ ਸਪੋੋਰੋ ਵਿੱਚ ਰੂਸੀ ਰਾਜਦੂਤ ਤੋਂ ‘ਕੂਟਨੀਤਿਕ ਸੁਰੱਖਿਆ’ ਵਾਪਸ ਲੈਣ ਦਾ ਐਲਾਨ ਵੀ ਕੀਤਾ। ਗਲੂਜ਼ਿਨ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਸਪੱਸ਼ਟ ਹੈ ਕਿ ਜਾਪਾਨ ਵੱਲੋਂ ਚੁੱਕਿਆ ਇਹ ਕਦਮ ਦੁਵੱਲੇ ਸਬੰਧਾਂ ਨੂੰ ਹੋਰ ਵਿਗਾੜ ਸਕਦਾ ਹੈ।’’ -ਏਜੰਸੀ