ਸਿਓਲ, 12 ਮਈ
ਉੱਤਰੀ ਕੋਰੀਆ ’ਚ ਕਰੋਨਾਵਾਇਰਸ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਰਾਸ਼ਟਰਪਤੀ ਕਿਮ ਜੌਂਗ ਉਨ ਨੇ ਦੇਸ਼ ’ਚ ਮੁਕੰਮਲ ਲੌਕਡਾਊਨ ਲਗਾਉਣ ਦੇ ਹੁਕਮ ਦਿੱਤੇ ਹਨ। ਕੋਵਿਡ-19 ਮਹਾਮਾਰੀ ਆਲਮੀ ਪੱਧਰ ’ਤੇ ਫੈਲਣ ਦੇ ਦੋ ਸਾਲਾਂ ਤੋਂ ਵਧ ਸਮੇਂ ਮਗਰੋਂ ਉੱਤਰੀ ਕੋਰੀਆ ’ਚ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। ਸਰਕਾਰੀ ਖ਼ਬਰ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਰਾਜਧਾਨੀ ਪਯੋਂਗਯਾਂਗ ’ਚ ਜਾਂਚ ਲਈ ਐਤਵਾਰ ਨੂੰ ਕੁਝ ਵਿਅਕਤੀਆਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ਦੇ ਕਰੋਨਾਵਾਇਰਸ ਦੇ ‘ਓਮੀਕਰੋਨ’ ਸਰੂਪ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ 2.6 ਕਰੋੜ ਦੀ ਆਬਾਦੀ ਵਾਲੇ ਮੁਲਕ ’ਚ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਵਿਰੋਧੀ ਟੀਕੇ ਨਹੀਂ ਲੱਗੇ ਹਨ। ਉੱਤਰੀ ਕੋਰੀਆ ਨੇ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੇ ਕੋਵੈਕਸ ਟੀਕਾ ਵੰਡ ਪ੍ਰੋਗਰਾਮ ਤੋਂ ਸਹਾਇਤਾ ਲੈਣ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਕਿਮ ਨੇ ਹੁਕਮਰਾਨ ਕੋਰਿਆਈ ਵਰਕਰਜ਼ ਪਾਰਟੀ ਦੇ ਪੋਲਿਟ ਬਿਊਰੋ ਦੀ ਬੈਠਕ ’ਚ ਅਧਿਕਾਰੀਆਂ ਨੂੰ ਲਾਗ ਰੋਕਣ ਲਈ ਕਿਹਾ ਹੈ। -ਏਪੀ
ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ
ਸਿਓਲ: ਉੱਤਰੀ ਕੋਰੀਆ ਨੇ ਘੱਟ ਰੇਂਜ ਵਾਲੀਆਂ ਤਿੰਨ ਬੈਲਿਸਟਿਕ ਮਿਜ਼ਾਈਲਾਂ ਸਮੁੰਦਰ ਵੱਲ ਦਾਗ਼ੀਆਂ ਹਨ। ਇਹ ਦਾਅਵਾ ਦੱਖਣੀ ਕੋਰੀਆ ਅਤੇ ਜਾਪਾਨ ਨੇ ਕੀਤਾ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਕਿਹਾ ਕਿ ਤਿੰਨ ਮਿਜ਼ਾਈਲਾਂ ਉੱਤਰ ਦੇ ਰਾਜਧਾਨੀ ਖ਼ਿੱਤੇ ’ਚੋਂ ਦਾਗ਼ੀਆਂ ਗਈਆਂ ਜੋ ਮੁਲਕ ਦੇ ਪੂਰਬੀ ਕੰਢੇ ਦੇ ਪਾਣੀਆਂ ਵੱਲ ਜਾ ਕੇ ਡਿੱਗੀਆਂ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਸੰਭਾਵੀ ਤੌਰ ’ਤੇ ਬੈਲਿਸਟਿਕ ਮਿਜ਼ਾਈਲ ਦਾਗ਼ੀ ਹੈ ਪਰ ਉਸ ਨੇ ਹੋਰ ਵੇਰਵੇ ਨਹੀਂ ਦਿੱਤੇ। -ਏਪੀ