ਸਿਓਲ, 6 ਅਕਤੂਬਰ
ਉੱਤਰੀ ਕੋਰੀਆ ਨੇ ਅੱਜ ਆਪਣੇ ਪੂਰਬੀ ਜਲ ਖੇਤਰ ਵੱਲ ਘੱਟ ਦੂਰੀ ਵਾਲੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਸ ਤੋਂ ਪਹਿਲਾਂ, ਪਿਓਂਗਯਾਂਗ ਨੇ ਜਪਾਨ ’ਤੇ ਪਰਮਾਣੂ ਸਮੱਗਰੀ ਲੈ ਕੈ ਜਾਣ ਦੇ ਸਮਰੱਥ ਮਿਜ਼ਾਈਲ ਦਾਗੇ ਜਾਣ ਦੇ ਜਵਾਬ ਵਿੱਚ ਅਮਰੀਕਾ ਨੇ ਕੋਰਿਆਈ ਪ੍ਰਾਇਦੀਪ ਕੋਲ ਇਕ ਜਹਾਜ਼ ਕੈਰੀਅਰ (ਹਵਾਈ ਜਹਾਜ਼ਾਂ ਦੀ ਢੋਆ-ਢੁਆਈ ਵਾਲਾ ਸਮੁੰਦਰੀ ਬੇੜਾ) ਮੁੜ ਤੋਂ ਤਾਇਨਾਤ ਕੀਤਾ ਸੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਕਿਹਾ ਕਿ ਇਨ੍ਹਾਂ ਮਿਜ਼ਾਈਲਾਂ ਨੂੰ ਉੱਤਰੀ ਕੋਰੀਆ ਦੇ ਰਾਜਧਾਨੀ ਖੇਤਰ ਤੋਂ 22 ਮਿੰਟ ਦੇ ਫਰਕ ਨਾਲ ਕੋਰਿਆਈ ਪ੍ਰਾਇਦੀਪ ਤੇ ਜਪਾਨ ਵਿਚਾਲੇ ਦਾਗਿਆ ਗਿਆ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉਹ ਅਮਰੀਕਾ ਦੇ ਸਹਿਯੋਗ ਨਾਲ ਹਰ ਸਥਿਤੀ ਦੇ ਟਾਕਰੇ ਲਈ ਤਿਆਰ ਹੈ। -ਏਪੀ
ਭਾਰਤ, ਅਮਰੀਕਾ, ਬਰਤਾਨੀਆ ਤੇ ਫਰਾਂਸ ਨੇ ਆਲੋਚਨਾ ਕੀਤੀ
ਸੰਯੁਕਤ ਰਾਸ਼ਟਰ: ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੇ ਨਾਲ ਭਾਰਤ ਵੀ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਉੱਤਰੀ ਕੋਰੀਆ ਵੱਲੋਂ ਜਾਪਾਨ ਉੱਪਰ ਬੈਲਿਸਟਿਕ ਮਿਜ਼ਾਈਲਾਂ ਦਾਗੇ ਜਾਣ ਦੀ ਨਿਖੇਧੀ ਕੀਤੀ ਹੈ। ਭਾਰਤ ਨੇ ਕਿਹਾ ਕਿ ਇਸ ਤਰ੍ਹਾਂ ਮਿਜ਼ਾਈਲਾਂ ਦਾਗੇ ਜਾਣ ਨਾਲ ਖਿੱਤੇ ਦੀ ਸ਼ਾਂਤੀ ਤੇ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ। ਬਾਅਦ ਵਿੱਚ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਲਿੰਡਾ ਥੌਮਸ-ਗਰੀਨਫੀਲਡ ਨੇ ਅਲਬਾਨੀਆ, ਬ੍ਰਾਜ਼ੀਲ, ਫਰਾਂਸ, ਭਾਰਤ, ਆਇਰਲੈਂਡ, ਜਾਪਾਨ, ਨਾਰਵੇ, ਦੱਖਣੀ ਕੋਰੀਆ, ਸੰਯੁਕਤ ਅਰਬ ਅਮੀਰਾਤ (ਯੂਏਈ), ਬਰਤਾਨੀਆ ਤੇ ਅਮਰੀਕਾ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰ ਕੇ ਮਿਜ਼ਾਈਲਾਂ ਦਾਗੇ ਜਾਣ ਲਈ ਉੱਤਰੀ ਕੋਰੀਆ ਦੀ ਨਿਖੇਧੀ ਕੀਤੀ। -ਪੀਟੀਆਈ