ਸਿਓਲ, 2 ਨਵੰਬਰ
ਉੱਤਰੀ ਕੋਰੀਆ ਵੱਲੋਂ ਅੱਜ 23 ਮਿਜ਼ਾਈਲਾਂ ਦਾਗੇ ਜਾਣ ਤੋਂ ਬਾਅਦ ਦੱਖਣੀ ਕੋਰੀਆ ਦੀਪ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਹੋ ਗਿਆ ਅਤੇ ਨਾਗਰਿਕਾਂ ਨੂੰ ਜ਼ਮੀਨਦੋਜ਼ ਟਿਕਾਣਿਆਂ ’ਚ ਭੇਜ ਦਿੱਤਾ ਗਿਆ। ਉੱਤਰੀ ਕੋਰੀਆ ਵੱਲੋਂ ਦਾਗੀਆਂ ਗਈਆਂ 20 ਤੋਂ ਵੱਧ ਮਿਜ਼ਾਈਲਾਂ ਵਿੱਚੋਂ ਇਕ ਮਿਜ਼ਾਈਲ ਨੇ ਦੱਖਣੀ ਕੋਰੀਆ ਵੱਲ ਉਡਾਣ ਭਰੀ ਅਤੇ ਬਾਅਦ ਵਿੱਚ ਦੋਵੇਂ ਦੇਸ਼ਾਂ ਦੀ ਤਣਾਅ ਵਾਲੀ ਸਮੁੰਦਰੀ ਸਰਹੱਦ ਕੋਲ ਡਿੱਗ ਗਈ। ਇਸ ਦੇ ਜਵਾਬ ਵਿੱਚ ਦੱਖਣੀ ਕੋਰੀਆ ਨੇ ਵੀ ਉਸੇ ਸਰਹੱਦੀ ਖੇਤਰ ਵਿੱਚ ਤਿੰਨ ਮਿਜ਼ਾਈਲਾਂ ਦਾਗੀਆਂ।
ਦੱਖਣੀ ਕੋਰੀਆ ਤੇ ਅਮਰੀਕਾ ਦੇ ਚੱਲ ਰਹੇ ਫ਼ੌਜੀ ਅਭਿਆਸ ਖ਼ਿਲਾਫ਼ ਮੰਗਲਵਾਰ ਨੂੰ ਉੱਤਰੀ ਕੋਰੀਆ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਅਮਰੀਕਾ ਤੇ ਦੱਖਣੀ ਕੋਰੀਆ ਨੂੰ ਇਤਿਹਾਸ ਵਿੱਚ ਇਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੀਮਤ ਅਦਾ ਕਰਨੀ ਪਵੇਗੀ ਅਤੇ ਉਸ ਨੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਧਮਕੀ ਵੀ ਦਿੱਤੀ ਸੀ। ਉਸ ਦਾ ਕਹਿਣਾ ਸੀ ਕਿ ਉੱਤਰੀ ਕੋਰੀਆ ਇਸ ਫ਼ੌਜੀ ਅਭਿਆਸ ਨੂੰ ਹਮਲੇ ਦੀ ਤਿਆਰੀ ਵਜੋਂ ਦੇਖਦਾ ਹੈ। ਉਸ ਧਮਕੀ ਤੋਂ ਕੁਝ ਹੀ ਘੰਟਿਆਂ ਬਾਅਦ ਉੱਤਰੀ ਕੋਰੀਆ ਵੱਲੋਂ ਇਹ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਦੱਖਣੀ ਕੋਰੀਆ ਦੀ ਫ਼ੌਜ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਅੱਜ ਆਪਣੇ ਪੂਰਬੀ ਤੇ ਪੱਛਮੀ ਤੱਟਾਂ ਤੋਂ ਘੱਟੋ-ਘੱਟ 23 ਮਿਜ਼ਾਈਲਾਂ ਦਾਗੀਆਂ ਹਨ, ਜਿਨ੍ਹਾਂ ਵਿੱਚੋਂ 17 ਸਵੇਰ ਸਮੇਂ ਅਤੇ ਛੇ ਦੁਪਹਿਰ ਵੇਲੇ ਦਾਗੀਆਂ ਗਈਆਂ ਹਨ।
ਉੱਤਰੀ ਕੋਰੀਆ ਵੱਲੋਂ ਮਿਜ਼ਾਈਲਾਂ ਦਾਗੇ ਜਾਣ ਤੋਂ ਕੁਝ ਕੁ ਘੰਟੇ ਬਾਅਦ ਦੱਖਣੀ ਕੋਰੀਆ ਨੇ ਹਵਾਈ ਹਮਲੇ ਦਾ ਅਲਰਟ ਜਾਰੀ ਕਰ ਦਿੱਤਾ। ਦੱਖਣੀ ਕੋਰੀਆ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੀਰਵਾਰ ਸਵੇਰ ਤੱਕ ਦੇਸ਼ ਦੇ ਪੂਰਬੀ ਪਾਣੀਆਂ ਉੱਪਰਲੇ ਹਵਾਈ ਰੂਟ ਬੰਦ ਕਰ ਦਿੱਤੇ ਗਏ ਹਨ।
ਉੱਤਰੀ ਕੋਰੀਆ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਦੇ ਜਵਾਬ ਵਿੱਚ ਬਾਅਦ ’ਚ ਦੱਖਣੀ ਕੋਰੀਆ ਦੇ ਜੰਗੀ ਜਹਾਜ਼ਾਂ ਨੇ ਵੀ ਹਵਾ ਤੋਂ ਧਰਤੀ ’ਤੇ ਮਾਰ ਕਰਨ ਵਾਲੀਆਂ ਤਿੰਨ ਮਿਜ਼ਾਈਲਾਂ ਦਾਗੀਆਂ। -ਏਪੀ
ਰੂਸ ਨੂੰ ਗੁਪਤ ਢੰਗ ਨਾਲ ਗੋਲਾ-ਬਾਰੂਦ ਭੇਜ ਰਿਹੈ ਉੱਤਰੀ ਕੋਰੀਆ: ਵ੍ਹਾਈਟ ਹਾਊਸ
ਵਾਸ਼ਿੰਗਟਨ: ਅਮਰੀਕਾ ਨੇ ਅੱਜ ਦੋਸ਼ ਲਗਾਇਆ ਹੈ ਕਿ ਉੱਤਰੀ ਕੋਰੀਆ ‘ਵੱਡੀ ਗਿਣਤੀ’ ਵਿੱਚ ਤੋਪ ਦੇ ਗੋਲਿਆਂ ਦੀ ਸਪਲਾਈ ਰੂਸ ਨੂੰ ਕਰ ਰਿਹਾ ਹੈ ਤਾਂ ਜੋ ਇਸ ਨਾਲ ਰੂਸ ਨੂੰ ਯੂਕਰੇਨ ਖ਼ਿਲਾਫ਼ ਜੰਗ ਵਿੱਚ ਮਦਦ ਮਿਲੇ। ਕੌਮੀ ਸੁਰੱਖਿਆ ਕੌਂਸਲ ਦੇ ਤਰਜਮਾਨ ਜੌਹਨ ਕਿਰਬੀ ਨੇ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ‘ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਮੱਧ ਪੂਰਬ ਜਾਂ ਉੱਤਰੀ ਅਫਰੀਕਾ ਦੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ।’’ ਉਨ੍ਹਾਂ ਰੂਸੀ ਕੋਸ਼ਿਸ਼ਾਂ ਨੂੰ ਬੜ੍ਹਾਵਾ ਦੇਣ ਲਈ ਭੇਜੇ ਜਾ ਰਹੇ ਗੋਲਾ-ਬਾਰੂਦ ਦੀ ਮਾਤਰਾ ’ਤੇ ਇਕ ਵਿਸ਼ੇਸ਼ ਅਨੁਮਾਨ ਦੇਣ ਤੋਂ ਇਨਕਾਰ ਕੀਤਾ। -ਏਪੀ