ਓਸਲੋ: ਬੇਲਾਰੂਸ ਦੀ ਜੇਲ੍ਹ ’ਚ ਬੰਦ ਕਾਰਕੁਨ ਏਲੇਸ ਬਿਆਲੀਅਤਸਕੀ, ਰੂਸੀ ਗਰੁੱਪ ‘ਮੈਮੋਰੀਅਲ’ ਅਤੇ ਯੂਕਰੇਨ ਦੀ ਜਥੇਬੰਦੀ ‘ਸੈਂਟਰ ਫਾਰ ਲਬਿਰਟੀਜ਼’ ਨੂੰ ਇਸ ਵਰ੍ਹੇ ਦਾ ਨੋਬੇਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਦੇ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ 70ਵੇਂ ਜਨਮ ਦਿਨ ’ਤੇ ਸਖ਼ਤ ਤਾੜਨਾ ਕੀਤੀ ਗਈ ਹੈ।
ਨਾਰਵੇ ਦੀ ਨੋਬੇਲ ਕਮੇਟੀ ਦੇ ਚੇਅਰ ਬੇਰਿਟ ਰੀਸ-ਐਂਡਰਸਨ ਨੇ ਕਿਹਾ ਕਿ ਪੈਨਲ ਗੁਆਂਢੀ ਮੁਲਕਾਂ ਬੇਲਾਰੂਸ, ਰੂਸ ਅਤੇ ਯੂਕਰੇਨ ਵਿੱਚ ਮਨੁੱਖੀ ਅਧਿਕਾਰਾਂ, ਜਮਹੂਰੀਅਤ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਤਿੰਨ ਸ਼ਾਨਦਾਰ ਚੈਂਪੀਅਨਾਂ ਦਾ ਸਨਮਾਨ ਕਰਨਾ ਚਾਹੁੰਦਾ ਹੈ। ਓਸਲੋ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖੀ ਕਦਰਾਂ-ਕੀਮਤਾਂ, ਫ਼ੌਜ ਵਿਰੋਧੀ ਅਤੇ ਕਾਨੂੰਨ ਦੇ ਸਿਧਾਂਤਾਂ ਦੇ ਹੱਕ ਵਿੱਚ ਲਗਾਤਾਰ ਯਤਨਾਂ ਦੁਆਰਾ ਇਸ ਸਾਲ ਦੇ ਪੁਰਸਕਾਰ ਜੇਤੂਆਂ ਨੇ ਅਲਫਰੈਡ ਨੋਬੇਲ ਦੇ ਸ਼ਾਂਤੀ ਅਤੇ ਭਾਈਚਾਰੇ ਦੇ ਦ੍ਰਿਸ਼ਟੀਕੋਣ ਨੂੰ ਸੁਰਜੀਤ ਕੀਤਾ ਹੈ। ਬਿਆਲੀਅਤਸਕੀ 1980 ਦੇ ਦਹਾਕੇ ਦੇ ਮੱਧ ਵਿੱਚ ਬੇਲਾਰੂਸ ਵਿੱਚ ਲੋਕਤੰਤਰ ਅੰਦੋਲਨ ਦੇ ਨੇਤਾਵਾਂ ਵਿੱਚੋਂ ਇੱਕ ਸੀ ਅਤੇ ਉਸ ਨੇ ਤਾਨਾਸ਼ਾਹੀ ਮੁਲਕ ਵਿੱਚ ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾ ਲਈ ਮੁਹਿੰਮ ਜਾਰੀ ਰੱਖੀ। ਉਸ ਨੇ ਗੈਰ-ਸਰਕਾਰੀ ਸੰਗਠਨ ਹਿਊਮਨ ਰਾਈਟਸ ਸੈਂਟਰ ਵਿਆਸਨਾ ਦੀ ਸਥਾਪਨਾ ਕੀਤੀ ਅਤੇ 2020 ਵਿੱਚ ਰਾਈਟ ਲਾਈਵਲੀਹੁੱਡ ਐਵਾਰਡ ਜਿੱਤਿਆ ਸੀ ਜਿਸ ਨੂੰ ਨੋਬੇਲ ਪੁਰਸਕਾਰ ਦੇ ਬਦਲ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਸਾਲ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬਿਆਲੀਅਤਸਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਉਹ ਬਿਨਾਂ ਮੁਕੱਦਮੇ ਦੇ ਜੇਲ੍ਹ ਵਿੱਚ ਬੰਦ ਹੈ। ਉਧਰ ‘ਮੈਮੋਰੀਅਲ’ ਦੀ ਸੋਵੀਅਤ ਯੂਨੀਅਨ ਵਿੱਚ 1987 ਵਿੱਚ ਸਥਾਪਨਾ ਕੀਤੀ ਗਈ ਸੀ ਤਾਂ ਜੋ ਕਮਿਊਨਿਸਟ ਦਮਨ ਦੇ ਪੀੜਤਾਂ ਨੂੰ ਯਾਦ ਕੀਤਾ ਜਾ ਸਕੇ। ਉਸ ਨੇ ਰੂਸ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਜਾਣਕਾਰੀ ਇਕੱਠੀ ਕਰਨਾ ਜਾਰੀ ਰੱਖਿਆ ਅਤੇ ਦੇਸ਼ ਵਿੱਚ ਰਾਜਨੀਤਿਕ ਕੈਦੀਆਂ ਦਾ ਪਤਾ ਲਗਾਇਆ ਹੈ। ਰੀਸ ਐਂਡਰਸਨ ਨੇ ਕਿਹਾ ਕਿ ਇਹ ਗਰੁੱਪ ਫੌਜੀਵਾਦ ਦਾ ਮੁਕਾਬਲਾ ਕਰਨ ਅਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਭ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ ਹੈ। ਯੂਕਰੇਨ ਦੇ ਸੈਂਟਰ ਫਾਰ ਸਿਵਲ ਲਬਿਰਟੀਜ਼ ਦੀ ਸਥਾਪਨਾ 2007 ’ਚ ਹੋਈ ਸੀ ਤਾਂ ਜੋ ਮੁਲਕ ’ਚ ਮਨੁੱਖੀ ਹੱਕਾਂ ਅਤੇ ਜਮਹੂਰੀਅਤ ਨੂੰ ਹੁਲਾਰਾ ਦਿੱਤਾ ਜਾ ਸਕੇ। -ਏਪੀ