ਵਾਸ਼ਿੰਗਟਨ, 24 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ ਅੱਠ ਵਜੇ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨਾਲ ਮੁਲਾਕਾਤ ਕਰਨਗੇ। ਇਸ ’ਤੇ ਵਿਸ਼ਵ ਭਰ ਦੇ ਆਗੂਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦੂਜੇ ਪਾਸੇ ਚੀਨ ਨੇ ਵਾਸ਼ਿੰਗਟਨ ਵਿਚ ਅਮਰੀਕਾ, ਭਾਰਤ, ਜਾਪਾਨ ਤੇ ਆਸਟਰੇਲੀਆ ਦੇ ਆਗੂਆਂ ਦਰਮਿਆਨ ਕੁਆਡ ਸਿਖਰ ਸੰਮੇਲਨ ਨੂੰ ਲੈ ਕੇ ਕਿਹਾ ਹੈ ਕਿ ਇਸ ਦੀ ਕੋਈ ਪ੍ਰਾਸਿੰਗਕਤਾ ਨਹੀਂ ਹੈ। ਉਸ ਨੇ ਇਸ ਸਮੂਹ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਦਾ ਗਠਨ ਮੌਜੂਦਾ ਸਮੇਂ ਖਿਲਾਫ ਹੈ ਤੇ ਇਸ ਨੂੰ ਕਿਸੇ ਦਾ ਸਮਰਥਨ ਨਹੀਂ ਮਿਲੇਗਾ। ਚੀਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਲਿਜਿਆਨ ਨੇ ਦੱਸਿਆ ਕਿ ਚਾਰ ਦੇਸ਼ਾਂ ਦੇ ਸਮੂਹ ਨੂੰ ਕਿਸੇ ਤੀਜੇ ਦੇਸ਼ ਤੇ ਉਸ ਦੇ ਹਿੱਤਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਦੱਸਣਾ ਬਣਦਾ ਹੈ ਕਿ ਇਸ ਸੰਮੇਲਨ ਵਿਚ ਪਹਿਲੀ ਵਾਰ ਚਾਰ ਦੇਸ਼ਾਂ ਦੇ ਆਗੂ ਪਹਿਲੀ ਵਾਰ ਆਹਮੋ ਸਾਹਮਣੇ ਗੱਲਬਾਤ ਕਰਨਗੇ।