ਬਰਲਿਨ, 2 ਮਈ
ਮੁੱਖ ਅੰਸ਼
- ਭਾਰਤ ਤੇ ਜਰਮਨੀ ਵਿਚਕਾਰ ਸਾਫ਼ ਊਰਜਾ ਲਈ 10.5 ਅਰਬ ਡਾਲਰ ਸਮੇਤ ਕਈ ਸਮਝੌਤਿਆਂ ’ਤੇ ਦਸਤਖ਼ਤ
- ਜਰਮਨੀ ਦੇ ਚਾਂਸਲਰ ਨੇ ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨੂੰ ਦਿੱਤਾ ਸੱਦਾ
ਭਾਰਤ ਵੱਲੋਂ ਹਮੇਸ਼ਾ ਸ਼ਾਂਤੀ ਦੀ ਵਕਾਲਤ ਕਰਨ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਰੂਸ-ਯੂਕਰੇਨ ਜੰਗ ’ਚ ਕੋਈ ਵੀ ਜੇਤੂ ਨਹੀਂ ਹੋਵੇਗਾ ਅਤੇ ਸਾਰਿਆਂ ਨੂੰ ਇਸ ਜੰਗ ਕਾਰਨ ਨੁਕਸਾਨ ਭੁਗਤਨਾ ਹੋਵੇਗਾ। ਜਰਮਨ ਚਾਂਸਲਰ ਓਲਫ਼ ਸ਼ੁਲਜ਼ ਨਾਲ ਇਥੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਯੂਕਰੇਨ ਸੰਕਟ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਹਮਲੇ ਤੁਰੰਤ ਰੋਕਣ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਸੀ ਕਿ ਸਿਰਫ਼ ਗੱਲਬਾਤ ਰਾਹੀਂ ਵਿਵਾਦ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਦੌਰਾਨ ਦੋਵੇਂ ਮੁਲਕਾਂ ਦੇ ਆਗੂਆਂ ਅਤੇ ਵਫ਼ਦ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਸਥਾਈ ਵਿਕਾਸ ’ਤੇ ਧਿਆਨ ਕੇਂਦਰਿਤ ਕਰਦਿਆਂ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਜਿਸ ਤਹਿਤ ਸਾਫ਼ ਊਰਜਾ ਦੀ ਵਰਤੋਂ ਨੂੰ 2030 ਤੱਕ ਉਤਸ਼ਾਹਿਤ ਕਰਨ ਲਈ ਭਾਰਤ ਨੂੰ 10.5 ਅਰਬ ਡਾਲਰ ਦੀ ਸਹਾਇਤਾ ਮਿਲੇਗੀ। ਇਸ ਦੇ ਨਾਲ ਖੇਤੀ ਸੈਕਟਰ ’ਚ ਕੁਦਰਤੀ ਵਸੀਲਿਆਂ ਦੇ ਸਥਾਈ ਪ੍ਰਬੰਧਨ ਅਤੇ ਖੇਤੀ ਵਿਗਿਆਨ ’ਚ ਸਹਿਯੋਗ ਦੇ ਸਮਝੌਤੇ ’ਤੇ ਵੀ ਦਸਤਖ਼ਤ ਹੋਏ ਹਨ। ਜਰਮਨੀ ਦੇ ਆਰਥਿਕ ਸਹਿਯੋਗ ਅਤੇ ਵਿਕਾਸ ਮੰਤਰਾਲੇ ਵੱਲੋਂ ਪ੍ਰਾਜੈਕਟਾਂ ਲਈ 2025 ਤੱਕ ਵਿੱਤ ਅਤੇ ਤਕਨੀਕੀ ਸਹਿਯੋਗ ਦੇਣ ਲਈ 30 ਕਰੋੜ ਯੂਰੋ ਪ੍ਰਦਾਨ ਕੀਤੇ ਜਾਣਗੇ।
ਸ੍ਰੀ ਮੋਦੀ ਨੇ ਕਿਹਾ,‘‘ਅਸੀਂ ਸਮਝਦੇ ਹਾਂ ਕਿ ਰੂਸ-ਯੂਕਰੇਨ ਜੰਗ ’ਚ ਕੋਈ ਵੀ ਜੇਤੂ ਨਹੀਂ ਹੋਵੇਗਾ ਅਤੇ ਸਾਰਿਆਂ ਨੂੰ ਇਸ ਦਾ ਨੁਕਸਾਨ ਹੋਵੇਗਾ। ਇਸ ਲਈ ਅਸੀਂ ਸ਼ਾਂਤੀ ਦੇ ਹਮਾਇਤੀ ਹਾਂ।’’ ਉਨ੍ਹਾਂ ਕਿਹਾ ਕਿ ਯੂਕਰੇਨ ਸੰਕਟ ਕਾਰਨ ਪੈਦਾ ਹੋਏ ਹਾਲਾਤ ਨਾਲ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ ਅਤੇ ਅਨਾਜ ਤੇ ਖਾਦਾਂ ਦੀ ਕਮੀ ਹੋ ਗਈ ਹੈ। ਜੰਗ ਕਾਰਨ ਦੁਨੀਆ ਦੇ ਹਰੇਕ ਪਰਿਵਾਰ ’ਤੇ ਬੋਝ ਵਧ ਗਿਆ ਹੈ। ਪ੍ਰਧਾਨ ਮੰਤਰੀ ਮੁਤਾਬਕ ਜੰਗ ਦਾ ਮਾੜਾ ਅਸਰ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ ’ਤੇ ਜ਼ਿਆਦਾ ਪਵੇਗਾ। ‘ਭਾਰਤ ਸੰਘਰਸ਼ ਕਾਰਨ ਮਾਨਵੀ ਹਾਲਾਤ ਬਾਰ ਵੀ ਫਿਕਰਮੰਦ ਹੈ।’ ਉਧਰ ਸ਼ੁਲਜ਼ ਨੇ ਕਿਹਾ ਕਿ ਰੂਸ ਨੇ ਯੂਕਰੇਨ ’ਤੇ ਹਮਲਾ ਕਰਕੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਜਰਮਨੀ ’ਚ ਹੋਣ ਜਾ ਰਹੇ ਜੀ-7 ਸਿਖਰ ਸੰਮੇਲਨ ’ਚ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ। ਇਸ ਤੋਂ ਪਹਿਲਾਂ ਅੰਤਰ-ਸਰਕਾਰੀ ਕੰਸਲਟੇਸ਼ਨ ਦੇ ਛੇਵੇਂ ਇਜਲਾਸ ਦੌਰਾਨ ਸ੍ਰੀ ਮੋਦੀ ਨੇ ਸ਼ੁਲਜ਼ ਨੂੰ ਭਾਰਤ ਦੀ ‘ਆਤਮਨਿਰਭਰ ਭਾਰਤ’ ਮੁਹਿੰਮ ’ਚ ਜਰਮਨੀ ਦੀ ਸ਼ਮੂਲੀਅਤ ਦਾ ਸੱਦਾ ਦਿੱਤਾ। ਦੋਵੇਂ ਆਗੂਆਂ ਨੇ ਦੁਵੱਲੇ ਸਬੰਧਾਂ ਸਮੇਤ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਭਾਰਤ-ਜਰਮਨੀ ਭਾਈਵਾਲੀ ਗੁੰਝਲਦਾਰ ਦੁਨੀਆ ’ਚ ਸਫ਼ਲਤਾ ਦੀ ਮਿਸਾਲ ਬਣ ਸਕਦੇ ਹਨ। ਮੀਟਿੰਗ ’ਚ ਹਿੱਸਾ ਲੈਂਦਿਆਂ ਦੋਵੇਂ ਮੁਲਕਾਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੇ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ। ਇਸ ’ਚ ਵਿਦੇਸ਼ ਮਾਮਲੇ ਤੇ ਸੁਰੱਖਿਆ, ਆਰਥਿਕਤਾ, ਵਿੱਤ ਨੀਤੀ, ਵਿਗਿਆਨ ਅਤੇ ਸਮਾਜਿਕ ਆਦਾਨ-ਪ੍ਰਦਾਨ, ਵਾਤਾਵਰਨ, ਸਥਾਈ ਵਿਕਾਸ ਅਤੇ ਊਰਜਾ ਆਦਿ ਸ਼ਾਮਲ ਹਨ। ਭਾਰਤ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਸਨਅਤਾਂ ਦੀ ਤਰੱਕੀ ਅਤੇ ਅੰਦਰੂਨੀ ਵਪਾਰ ਬਾਰੇ ਵਿਭਾਗ ਦੇ ਸਕੱਤਰ ਅਨੁਰਾਗ ਜੈਨ ਨੇ ਰਿਪੋਰਟਾਂ ਪੇਸ਼ ਕੀਤੀਆਂ। ਇਜਲਾਸ ਦੀ ਸਮਾਪਤੀ ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਸ਼ੁਲਜ਼ ਵੱਲੋਂ ਸਾਂਝੇ ਐਲਾਨਾਮੇ ’ਤੇ ਦਸਤਖ਼ਤਾਂ ਮਗਰੋਂ ਹੋਈ। ਸ੍ਰੀ ਮੋਦੀ ਦੇ ਅੱਜ ਸਵੇਰੇ ਬਰਲਿਨ ਪਹੁੰਚਣ ’ਤੇ ਚਾਂਸਲਰ ਸ਼ੁਲਜ਼ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਬਰਲਿਨ ਦੇ ਫੈਡਰਲ ਚਾਂਸਲਰੀ ’ਚ ਗਾਰਡ ਆਫ਼ ਆਨਰ ਦਿੱਤਾ ਗਿਆ। ਦੋਵੇਂ ਆਗੂਆਂ ਵਿਚਕਾਰ ਗੱਲਬਾਤ ਮਗਰੋਂ ਵਫ਼ਦ ਪੱਧਰੀ ਮੀਟਿੰਗ ਹੋਈ। -ਪੀਟੀਆਈ
ਭਾਰਤੀ ਮੂਲ ਦੇ ਬੱਚਿਆਂ ਨੇ ਮੋਦੀ ਦਾ ਦਿਲ ਜਿੱਤਿਆ
ਬਰਲਿਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਜਰਮਨੀ ਦੀ ਰਾਜਧਾਨੀ ’ਚ ਪਹੁੰਚਣ ’ਤੇ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਇਤਿਹਾਸਕ ਬ੍ਰੈਂਡਨਬਰਗ ਗੇਟ ’ਤੇ ਭਾਰਤ ਦੀ ਵਿਭਿੰਨਤਾ ਦੇ ਰੰਗ ਦੇਖਣ ਨੂੰ ਮਿਲੇ। ਸ੍ਰੀ ਮੋਦੀ ਤਿੰਨ ਯੂਰਪੀ ਮੁਲਕਾਂ ਦੇ ਦੌਰੇ ਦੇ ਪਹਿਲੇ ਪੜਾਅ ਤਹਿਤ ਅੱਜ ਇਥੇ ਪਹੁੰਚੇ ਹਨ। ਸ੍ਰੀ ਮੋਦੀ ਨੇ ਇਥੇ ਪਹੁੰਚਣ ਮਗਰੋਂ ਟਵੀਟ ਕਰਕੇ ਕਿਹਾ,‘‘ਬਰਲਿਨ ’ਚ ਭਾਵੇਂ ਪਹੁ ਫੁਟਾਲਾ ਹੈ ਪਰ ਵੱਡੀ ਗਿਣਤੀ ’ਚ ਭਾਰਤੀ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਹਨ। ਉਨ੍ਹਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ। ਭਾਰਤ ਨੂੰ ਆਪਣੇ ਪਰਵਾਸੀਆਂ ਦੀ ਮਿਹਨਤ ’ਤੇ ਮਾਣ ਹੈ।’’ ਪ੍ਰਧਾਨ ਮੰਤਰੀ ਦਾ ਬ੍ਰੈਂਡਨਬਰਗ ਗੇਟ ’ਤੇ ਸਵਾਗਤ ਕਰਨ ਲਈ ਪਰਵਾਸੀ ਭਾਰਤੀਆਂ ਨੇ ਨਾਚ ਸਮੇਤ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਦੇ ਨਾਲ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਬੱਚਿਆਂ ਸਮੇਤ ਤੜਕੇ 4 ਵਜੇ ਤੋਂ ਹੋਟਲ ਐਡਲੋਨ ਕੈਂਪਿੰਸਕੀ ’ਚ ਪ੍ਰਧਾਨ ਮੰਤਰੀ ਦੀ ਉਡੀਕ ਕਰ ਰਹੇ ਭਾਰਤੀਆਂ ਨੇ ਉਨ੍ਹਾਂ ਦੀ ਆਮਦ ’ਤੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਸ੍ਰੀ ਮੋਦੀ ਨੇ ਭਾਰਤੀ ਮੂਲ ਦੇ ਬੱਚੇ ਆਸ਼ੂਤੋਸ਼ ਦੀ ਸ਼ਲਾਘਾ ਕੀਤੀ ਜਿਸ ਨੇ ਦੇਸ਼ਭਗਤੀ ਦਾ ਗੀਤ ਸੁਣਾਇਆ। ਇਕ ਛੋਟੀ ਬੱਚੀ ਮਾਨਿਆ ਮਿਸ਼ਰਾ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਚਿੱਤਰ ਭੇਟ ਕੀਤਾ। ਉਨ੍ਹਾਂ ਮਾਨਿਆ ਨਾਲ ਤਸਵੀਰ ਖਿਚਵਾਈ ਅਤੇ ਚਿੱਤਰ ’ਤੇ ਆਪਣੇ ਦਸਤਖ਼ਤ ਵੀ ਕੀਤੇ। ਮਾਨਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦਾ ਤਜਰਬਾ ਬਹੁਤ ਵਧੀਆ ਰਿਹਾ। ਇਕ ਵਿਅਕਤੀ ਨੇ ਕਿਹਾ,‘‘ਸ੍ਰੀ ਮੋਦੀ ਨੇ ਮੁਲਕ ਲਈ ਪਿਛਲੇ ਅੱਠ ਸਾਲਾਂ ’ਚ ਬਹੁਤ ਕੰਮ ਕੀਤੇ ਹਨ। ਉਨ੍ਹਾਂ ਨੂੰ ਮਿਲ ਕੇ ਬਹੁਤ ਉਤਸ਼ਾਹਿਤ ਹਾਂ।’’ ਵਿਦੇਸ਼ ਮੰਤਰਾਲੇ ਮੁਤਾਬਕ ਜਰਮਨੀ ’ਚ ਕਰੀਬ 2.03 ਭਾਰਤੀ ਪਾਸਪੋਰਟ ਧਾਰਕ ਅਤੇ ਭਾਰਤੀ ਮੂਲ ਦੇ ਲੋਕ ਹਨ। -ਪੀਟੀਆਈ
ਜਰਮਨੀ ਨੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਜਾ ਰਹੇ ਹਮਲੇ ਦੀ ਨਿਖੇਧੀ ਕੀਤੀ
ਸਾਂਝੇ ਬਿਆਨ ’ਚ ਕਿਹਾ ਗਿਆ ਕਿ ਜਰਮਨੀ, ਰੂਸ ਵੱਲੋਂ ਯੂਕਰੇਨ ’ਤੇ ਗੈਰਕਾਨੂੰਨੀ ਤੇ ਗਲਤ ਢੰਗ ਨਾਲ ਕੀਤੇ ਜਾ ਰਹੇ ਹਮਲੇ ਦੀ ਨਿਖੇਧੀ ਕਰਦਾ ਹੈ। ਜਰਮਨੀ ਅਤੇ ਭਾਰਤ ਮੌਜੂਦਾ ਸਮੇਂ ਯੂਕਰੇਨ ਵਿੱਚ ਚੱਲ ਰਹੇ ਮਾਨਵੀ ਸੰਕਟ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਨ ਤੋਂ ਇਲਾਵਾ ਯੂਕਰੇਨ ’ਚ ਆਮ ਨਾਗਰਿਕਾਂ ਦੀ ਕਤਲੋਗਾਰਦ ਦੀ ਨਿੰਦਾ ਕਰਦੇ ਹਨ। ਉਨ੍ਹਾਂ ਤੁਰੰਤ ਗੋਲੀਬੰਦੀ ਦੀ ਮੰਗ ਦਹੁਰਾਉਂਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ, ਕੌਮਾਂਤਰੀ ਕਾਨੂੰਨਾਂ ਤੇ ਸੂਬਿਆਂ ਦੀ ਪ੍ਰਭੂਸੱਤਾ ਤੇ ਇਲਾਕਾਈ ਅਖੰਡਤਾ ਬਾਰੇ ਆਲਮੀ ਪੱਧਰ ’ਤੇ ਬਣੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ।