ਲਾਹੌਰ, 17 ਜੁਲਾਈ
ਨੱਬੇ ਸਾਲਾ ਭਾਰਤੀ ਔਰਤ ਰੀਨਾ ਛਿੱਬਰ ਵਰਮਾ ਦਾ ਰਾਵਲਪਿੰਡੀ ਸਥਿਤ ਆਪਣੇ ਜੱਦੀ ਘਰ ਨੂੰ ਦੇਖਣ ਦਾ ਸੁਫ਼ਨਾ ਪਾਕਿਸਤਾਨ ਵੱਲੋਂ ਦਿੱਤੇ ਵੀਜ਼ੇ ਨਾਲ ਸਾਕਾਰ ਹੋ ਗਿਆ ਹੈ। ਆਪਣੇ ਜੱਦੀ ਘਰ ਦਾ ਦੀਦਾਰ ਕਰਨ ਲਈ ਉਹ 75 ਸਾਲਾਂ ਬਾਅਦ ਸ਼ਨਿਚਰਵਾਰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਈ। ਉਹ ਦੇਸ਼ ਦੀ ਵੰਡ ਮੌਕੇ ਪਰਿਵਾਰ ਨਾਲ ਪਾਕਿਸਤਾਨ ਛੱਡ ਭਾਰਤ ਆ ਗਈ ਸੀ। ਨਮ ਅੱਖਾਂ ਨਾਲ ਪਾਕਿਸਤਾਨ ਵਿਚ ਦਾਖਲ ਹੋਈ ਵਰਮਾ ਤੁਰੰਤ ਰਾਵਲਪਿੰਡੀ ਲਈ ਰਵਾਨਾ ਹੋ ਗਈ ਜਿੱਥੇ ਉਹ ਆਪਣੇ ਜੱਦੀ ਘਰ ਪ੍ਰੇਮ ਨਿਵਾਸ ਜਾਵੇਗੀ। ਇਸ ਮੌਕੇ ਉਹ ਆਪਣੇ ਸਕੂਲ ਤੇ ਬਚਪਨ ਦੇ ਦੋਸਤਾਂ ਨਾਲ ਵੀ ਮੁਲਾਕਾਤ ਕਰੇਗੀ। ਸੋਸ਼ਲ ਮੀਡੀਆ ਉਤੇ ਅਪਲੋਡ ਕੀਤੀ ਇਕ ਵੀਡੀਓ ਵਿਚ ਵਰਮਾ ਨੇ ਦੱਸਿਆ ਕਿ ਉਹ ਪੁਣੇ ਤੋਂ ਹੈ ਤੇ ਜਦ ਵੰਡ ਹੋਈ ਤਾਂ ਉਹ ਰਾਵਲਪਿੰਡੀ ਦੇ ਦੇਵੀ ਕਾਲਜ ਰੋਡ ਉਤੇ ਰਹਿੰਦੇ ਸਨ। ਉਸ ਨੇ ਦੱਸਿਆ ਕਿ ਉਹ ਮਾਡਰਨ ਸਕੂਲ ਵਿਚ ਪੜ੍ਹਦੇ ਸਨ, ਚਾਰ ਭੈਣ-ਭਰਾ ਵੀ ਉਸੇ ਸਕੂਲ ਗਏ। ਰੀਨਾ ਦੇ ਭੈਣ ਤੇ ਭਰਾ ਮਾਡਰਨ ਸਕੂਲ ਨੇੜੇ ਗੌਰਡਨ ਕਾਲਜ ਵਿਚ ਵੀ ਪੜ੍ਹਦੇ ਰਹੇ। ਭਾਰਤੀ ਮਹਿਲਾ ਨੇ ਵੀਡੀਓ ਵਿਚ ਨਾਲ ਹੀ ਦੱਸਿਆ ਕਿ ਉਸ ਵੇਲੇ ਉਨ੍ਹਾਂ ਦੇ ਮੁਸਲਿਮ ਦੋਸਤ ਘਰ ਆਉਂਦੇ-ਜਾਂਦੇ ਰਹਿੰਦੇ ਸਨ ਤੇ ਉਨ੍ਹਾਂ ਦੇ ਪਿਤਾ ਬਹੁਤ ਖੁੱਲ੍ਹੇ ਵਿਚਾਰਾਂ ਦੇ ਸਨ। ਰੀਨਾ ਨੇ ਕਿਹਾ ਕਿ ਵੰਡ ਤੋਂ ਪਹਿਲਾਂ ਹਿੰਦੂ-ਮੁਸਲਮਾਨ ਵਾਲਾ ਕੋਈ ਮੁੱਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਵੰਡ ਨਹੀਂ ਹੋਣੀ ਚਾਹੀਦੀ ਸੀ ਪਰ ਹੁਣ ਜੇ ਹੋ ਹੀ ਗਈ ਹੈ ਤਾਂ ਘੱਟੋ-ਘੱਟ ਦੋਵਾਂ ਮੁਲਕਾਂ ਨੂੰ ਵੀਜ਼ਾ ਸੁਖਾਲਾ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਪਾਕਿਸਤਾਨ ਹਾਈ ਕਮਿਸ਼ਨ ਨੇ ਸਦਭਾਵਨਾ ਪ੍ਰਗਟ ਕਰਦਿਆਂ ਰੀਨਾ ਨੂੰ ਤਿੰਨ ਮਹੀਨਿਆਂ ਦਾ ਵੀਜ਼ਾ ਦਿੱਤਾ ਹੈ। ਉਹ ਜਦ 1947 ਵਿਚ ਵੰਡ ਵੇਲੇ ਭਾਰਤ ਆਈ ਸੀ ਤਾਂ ਉਹ ਸਿਰਫ਼ 15 ਸਾਲਾਂ ਦੀ ਸੀ। ਵਰਮਾ ਨੇ ਦੱਸਿਆ ਕਿ ਉਨ੍ਹਾਂ 1965 ਵਿਚ ਪਾਕਿਸਤਾਨੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ ਪਰ ਉਦੋਂ ਜੰਗ ਲੱਗੀ ਹੋਣ ਕਾਰਨ ਵੀਜ਼ਾ ਨਹੀਂ ਮਿਲ ਸਕਿਆ। ਉਨ੍ਹਾਂ ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਆਪਣੇ ਜੱਦੀ ਘਰ ਨੂੰ ਦੇਖਣ ਦੀ ਇੱਛਾ ਜ਼ਾਹਿਰ ਕੀਤਾ ਸੀ। ਪਾਕਿਸਤਾਨ ਦੇ ਇਕ ਨਾਗਰਿਕ ਸੱਜਾਦ ਹੈਦਰ ਨੇ ਰੀਨਾ ਨਾਲ ਸੋਸ਼ਲ ਮੀਡੀਆ ’ਤੇ ਸੰਪਰਕ ਕੀਤਾ ਤੇ ਰਾਵਲਪਿੰਡੀ ਸਥਿਤ ਉਨ੍ਹਾਂ ਦੇ ਘਰ ਦੀਆਂ ਫੋਟੋਆਂ ਭੇਜੀਆਂ। ਉਨ੍ਹਾਂ ਨੇ ਮੁੜ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਪਰ ਨਹੀਂ ਮਿਲਿਆ। ਰੀਨਾ ਨੇ ਹਾਲ ਹੀ ਵਿਚ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨਾਲ ਸੋਸ਼ਲ ਮੀਡੀਆ ’ਤੇ ਰਾਬਤਾ ਕੀਤਾ ਸੀ ਜਿਨ੍ਹਾਂ ਦੇ ਦਖ਼ਲ ਨਾਲ ਉਨ੍ਹਾਂ ਨੂੰ ਵੀਜ਼ਾ ਮਿਲਿਆ ਹੈ। -ਪੀਟੀਆਈ