ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਦੀ ਆਗੂ ਨਿੱਕੀ ਹੇਲੀ ਨੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਇਮੀਗਰੇਸ਼ਨ ਨੀਤੀ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਨਾਲ ਅਮਰੀਕੀ ਵਰਕਰਾਂ ਨੂੰ ਨੁਕਸਾਨ ਪਹੁੰਚੇਗਾ ਤੇ ਕਾਨੂੰਨੀ ਪਰਵਾਸੀਆਂ ਦਾ ਅਪਮਾਨ ਹੋਵੇਗਾ। ਭਾਰਤੀ-ਅਮਰੀਕੀ ਹੇਲੀ ਨੇ ਆਪਣੇ ਟਵੀਟਾਂ ’ਚ ਕਿਹਾ ਕਿ ਬਾਇਡਨ ਦੀ ਇਮੀਗਰੇਸ਼ਨ ਨੀਤੀ ਇਕ ਹੋਰ ਸਰਹੱਦੀ ਸੰਕਟ ਖੜ੍ਹਾ ਕਰ ਦੇਵੇਗੀ। ਉਨ੍ਹਾਂ ਜੌਰਜੀਆ ’ਚ ਦੋ ਰਿਪਬਲਿਕਨ ਸੈਨੇਟਰਾਂ ਲਈ ਵੋਟ ਮੰਗਦਿਆਂ ਕਿਹਾ ਕਿ ਅਮਰੀਕਾ ਨੂੰ ਕੰਜ਼ਰਵੇਟਿਵ ਸੈਨੇਟ ਦੀ ਲੋੜ ਹੈ ਜੋ ਬਾਇਡਨ ਦੀ ਯੋਜਨਾ ਨੂੰ ਡੱਕ ਸਕੇ। 100 ਮੈਂਬਰੀ ਸੈਨੇਟ ’ਚ ਰਿਪਬਲਿਕਨ ਪਾਰਟੀ ਦੇ 50 ਜਦਕਿ ਡੈਮੋਕਰੈਟ ਪਾਰਟੀ ਦੇ 48 ਸੈਨੇਟਰ ਹਨ। ਜੌਰਜੀਆ ’ਚ ਦੋ ਸੈਨੇਟਰਾਂ ਦੀ ਜਿੱਤ ਨਾਲ ਰਿਪਬਲਿਕਨ ਪਾਰਟੀ ਦੀ ਸੈਨੇਟ ’ਚ ਚੜ੍ਹਤ ਬਣ ਜਾਵੇਗੀ। ਹੇਲੀ ਨੇ ਕਿਹਾ ਕਿ ਬਾਇਡਨ ਨੇ ਟਰੰਪ ਪ੍ਰਸ਼ਾਸਨ ਦੀ ਇਮੀਗਰੇਸ਼ਨ ਨੀਤੀ ’ਚ ਬਦਲਾਅ ਦਾ ਵਾਅਦਾ ਕੀਤਾ ਹੈ ਅਤੇ ਐਮਨੈਸਟੀ ਬਿੱਲ ਨਾਲ ਦੁਨੀਆ ’ਚ ਸਪੱਸ਼ਟ ਸੁਨੇਹਾ ਜਾਵੇਗਾ ਕਿ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੋ ਅਤੇ ਫਿਰ ਇਸ ਦਾ ਇਨਾਮ ਹਾਸਲ ਕਰੋ। ਇਸ ਤੋਂ ਇਕ ਦਿਨ ਪਹਿਲਾਂ ਹੇਲੀ ਨੇ ਕਈ ਟਵੀਟ ਕਰਕੇ ਬਾਇਡਨ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕੀਤੀ ਸੀ। -ਪੀਟੀਆਈ