ਅਨਾਮਬਰਾ (ਨਾਇਜੀਰੀਆ), 28 ਅਪਰੈਲ
ਨਾਇਜੀਰੀਆ ਦੇ ਸੰਸਦ ਮੈਂਬਰਾਂ ਨੇ ਅਗਵਾਕਾਰਾਂ ਨੂੰ ਫਿਰੌਤੀ ਦੀ ਅਦਾਇਗੀ ‘ਤੇ ਰੋਕ ਲਗਾਉਣ ਲਈ ਇਕ ਬਿੱਲ ਪਾਸ ਕੀਤਾ ਹੈ। ਫਿਰੌੌਤੀ ਦੀ ਅਦਾਇਗੀ ’ਤੇ ਰੋਕ ਲਾਉਣ ਲਈ ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਗਿਆ ਹੈ, ਜਦੋਂ ਹਜ਼ਾਰਾਂ ਲੋਕ ਬੰਧਕ ਹਨ, ਜਿਨ੍ਹਾਂ ਵਿੱਚ ਦੇਸ਼ ਦੀ ਰਾਜਧਾਨੀ ਨਜ਼ਦੀਕ ਮਾਰਚ ਦੇ ਅਖੀਰ ਵਿੱਚ ਰੇਲ ਹਮਲੇ ਦੌਰਾਨ ਅਗਵਾ ਕੀਤੇ ਗਏ ਯਾਤਰੀ ਵੀ ਸ਼ਾਮਲ ਹਨ। ਨਾਇਜੀਰੀਆ ਦੀ ਸੈਨੇਟ ਨੇ ਫਿਰੌਤੀ ਦੀ ਅਦਾਇਗੀ ‘ਤੇ ਰੋਕ ਲਗਾਉਣ ਲਈ ਅਤਿਵਾਦ ਰੋਕੂ ਕਾਨੂੰਨ ਵਿੱਚ ਸੋਧ ਕਰਨ ਵਾਲਾ ਬਿੱਲ ਪਾਸ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸੋਧ -‘ਅਤਿਵਾਦੀ ਸਮੂਹਾਂ ਨੂੰ ਪੈਸੇ ਦੀ ਅਦਾਇਗੀ ’ਤੇ ਰੋਕ ਲਗਾਏਗੀ। ’’ ਐਮਨੈਸਟੀ ਇੰਟਰਨੈਸ਼ਨਲ ਦਫ਼ਤਰ ਦੇ ਕਾਰਕੁਨਾਂ ਨੇ ਕਿਹਾ ਕਿ ਜੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਵੱਲੋਂ ਕਾਨੂੰਨ ’ਤੇ ਦਸਤਖਤ ਕੀਤੇ ਜਾਂਦੇ ਹਨ ਤਾਂ ਇਹ ਕਾਨੂੰਨ ਅਗਵਾ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੇਰੇ ਨੁਕਸਾਨ ਪਹੁੰਚਾ ਸਕਦਾ ਹੈ। -ਏਜੰਸੀ