ਵੈਲਿੰਗਟਨ: ਨਿਊਜ਼ੀਲੈਂਡ ਸਰਕਾਰ ਨੇ 14 ਸਾਲ ਜਾਂ ਉਸ ਤੋਂ ਛੋਟੇ ਬੱਚਿਆਂ ਦੇ ਸਿਗਰਟਨੋਸ਼ੀ ’ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾਈ ਹੈ। ਨਵੇਂ ਕਾਨੂੰਨ ਤਹਿਤ ਸਰਕਾਰ ਵੱਲੋਂ ਸਿਗਰਟਾਂ ਖ਼ਰੀਦਣ ਲਈ ਘੱਟੋ ਘੱਟ ਉਮਰ ਤੈਅ ਕਰਨ ਦੀ ਯੋਜਨਾ ਹੈ ਅਤੇ ਕਾਨੂੰਨ ਦੇ ਅਗਲੇ ਸਾਲ ਪਾਸ ਹੋਣ ਦੀ ਸੰਭਾਵਨਾ ਹੈ। ਸਰਕਾਰ ਦੀ ਯੋਜਨਾ ਹੈ ਕਿ 2025 ਤੱਕ ਸਿਰਫ਼ 5 ਫ਼ੀਸਦ ਲੋਕ ਹੀ ਸਿਗਰਟਨੋਸ਼ੀ ਕਰ ਸਕਣ। ਨਿਊਜ਼ੀਲੈਂਡ ’ਚ ਮੌਜੂਦਾ ਸਮੇਂ ’ਚ ਸਿਗਰਟਾਂ ਖ਼ਰੀਦਣ ਦੀ ਘੱਟੋ ਘੱਟੋ ਉਮਰ 18 ਸਾਲ ਹੈ। ਨਿਊਜ਼ੀਲੈਂਡ ਦੀ ਸਹਾਇਕ ਸਿਹਤ ਮੰਤਰੀ ਡਾਕਟਰ ਆਯਸਾ ਵੇਰਾਲ ਨੇ ਕਿਹਾ ਕਿ ਤੰਬਾਕੂ ਕਾਰਨ ਕਈ ਲੋਕਾਂ ਨੂੰ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਜਿਸ ਕਾਰਨ ਉਹ ਚਾਹੁੰਦੇ ਹਨ ਕਿ ਪਾਬੰਦੀਆਂ ਲਾ ਕੇ ਲੋਕਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਗਰਟਾਂ ’ਤੇ ਭਾਰੀ ਟੈਕਸ ਲਗਾਉਣ ਨਾਲ ਵੀ ਕੋਈ ਅਸਰ ਨਹੀਂ ਪੈ ਰਿਹਾ ਹੈ ਜਿਸ ਕਾਰਨ ਕਾਨੂੰਨੀ ਤੌਰ ’ਤੇ ਸਹਾਰਾ ਲੈਣਾ ਪੈ ਰਿਹਾ ਹੈ। -ਏਪੀ