ਵੈਲਿੰਗਟਨ, 1 ਜੁਲਾਈ
ਨਿਊਜ਼ੀਲੈਂਡ ਸਰਕਾਰ ਨੇ ਦੋ ਅਮਰੀਕੀ ਸੱਜੇ ਪੱਖੀ ਕੱਟੜਪੰਥੀ ਗਰੁੱਪਾਂ ‘ਪ੍ਰਾਊਡ ਬੁਆਇਜ਼’ ਅਤੇ ‘ਦਿ ਬੇਸ’ ਨੂੰ ਅਤਿਵਾਦੀ ਸੰਗਠਨ ਕਰਾਰ ਦਿੱਤਾ ਹੈ। ਇਹ ਦੋਵੇਂ ਗਰੁੱਪ ਇਸਲਾਮਿਕ ਸਟੇਟ ਸਮੇਤ ਉਨ੍ਹਾਂ 18 ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਅਧਿਕਾਰਤ ਤੌਰ ’ਤੇ ਅਤਿਵਾਦੀ ਸੰਗਠਨ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਵਿੱਚ ਇਨ੍ਹਾਂ ਗਰੁੱਪਾਂ ਨੂੰ ਫੰਡ ਦੇਣ, ਉਨ੍ਹਾਂ ਵਿੱਚ ਸ਼ਾਮਲ ਹੋਣਾ ਜਾਂ ਇਸ ਨਾਲ ਜੁੜਨਾ ਗੈਰਕਾਨੂੰਨੀ ਹੋ ਗਿਆ ਹੈ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਅਮਰੀਕੀ ਗਰੁੱਪ ਨਿਊਜ਼ਲੈਂਡ ਵਿੱਚ ਇੰਨੇ ਸਰਗਰਮ ਨਹੀਂ ਮੰਨੇ ਜਾਂਦੇ ਪਰ 2019 ਵਿੱਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿੱਚ ਇੱਕ ਗੋਰੇ ਵੱਲੋਂ 51 ਮੁਸਲਮਾਨਾਂ ਦੀ ਹੱਤਿਆ ਕੀਤੇ ਜਾਣ ਮਗਰੋਂ ਦੱਖਣੀ ਪ੍ਰਸ਼ਾਂਤ ਦੇਸ਼ ਸੱਜੇ ਪੱਖੀਆਂ ਤੋਂ ਖਤਰੇ ਸਬੰਧੀ ਵਧੇਰੇ ਸਾਵਧਾਨ ਹੈ। ‘ਦਿ ਬੇਸ’ ਨੂੰ ਬਰਤਾਨੀਆ, ਕੈਨੇਡਾ ਅਤੇ ਆਸਟਰੇਲੀਆ ਵਿੱਚ ਪਹਿਲਾਂ ਹੀ ਅਤਿਵਾਦੀ ਗਰੁੱਪ ਐਲਾਨਿਆ ਜਾ ਚੁੱਕਾ ਹੈ। -ਏਪੀ