ਵੈਲਿੰਗਟਨ, 22 ਫਰਵਰੀ
ਨਿਊਜ਼ੀਲੈਂਡ ’ਚ ਵਾਲੰਟੀਅਰਾਂ ਨੇ ਅੱਜ ਸ਼ਾਮ 40 ਵ੍ਹੇਲਾਂ (ਮੱਛੀਆਂ) ਨੂੰ ਮੁੜ ਪਾਣੀ ’ਚ ਭੇਜ ਦਿੱਤਾ ਪਰ ਉਨ੍ਹਾਂ ਖ਼ਦਸ਼ਾ ਜਤਾਇਆਂ ਉਹ ਰਾਤ ਨੂੰ ਫਿਰ ਤੱਟ ’ਤੇ ਆ ਸਕਦੀਆਂ ਹਨ।
ਅਧਿਕਾਰੀਆਂ ਮੁਤਾਬਕ ਦੱਖਣੀ ਟਾਪੂ ਦੇ ਇੱਕ ਦੁਰੇਡੇ ਤੱਟ ਨੇੜੇ 49 ਵ੍ਹੇਲਾਂ ਫਸ ਗਈਆਂ ਸਨ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਗਈ। ਵ੍ਹੇਲਾਂ ਨੂੰ ਬਚਾਉਣ ਵਾਲੇ ਗਰੁੱਪ ਦੀ ਇੱਕ ਤਰਜਮਾਨ ਲੂਈਸਾ ਹਾਕਸ ਨੇ ਦੱਸਿਆ ਕਿ ਵਾਲੰਟੀਅਰਾਂ ਦੀ ਮਦਦ ਨਾਲ ਵੇਲ੍ਹਾਂ ਨੂੰ ਸਾਰਾ ਦਿਨ ਸੁਰੱਖਿਅਤ ਰੱਖਣ ਮਗਰੋਂ ਸ਼ਾਮ ਨੂੰ ਵੱਡੀ ਛੱਲ ਆਉਣ ’ਤੇ ਪਾਣੀ ’ਚ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਨਾਰੇ ’ਤੇ ਵਾਪਸ ਆਉਣ ਤੋਂ ਰੋਕਣ ਲਈ ਕਈ ਹੀਲੇ ਕੀਤੇ ਗਏ ਹਨ। ਉਸ ਨੇ ਕਿਹਾ ਕਿ ਇਸ ਦੇ ਬਾਵਜੂਦ ਵ੍ਹੇਲਾਂ ਹਾਲੇ ਡੂੰਘੇ ਸਮੁੰਦਰ ’ਚ ਨਹੀਂ ਗਈਆਂ ਅਤੇ ਉਨ੍ਹਾਂ ਦੇ ਦੁਬਾਰਾ ਤੱਟ ’ਤੇ ਆਉਣ ਦਾ ਖ਼ਦਸ਼ਾ ਹੈ। ਸੁਰੱਖਿਆ ਵਿਭਾਗ ਨੇ ਦੱਸਿਆ ਕਿ ਤੱਟ ਨੇੜੇ ਫਸੀਆਂ ਇਨ੍ਹਾਂ ਵ੍ਹੇਲਾਂ ਨੂੰ ਸੋਮਵਾਰ ਸਵੇਰੇ ਇੱਕ ਟੂਰ ਅਪਰੇਟਰ ਵੱਲੋਂ ਦੇਖਿਆ ਗਿਆ ਸੀ। ਇਸ ਮਗਰੋਂ ਸੁਰੱਖਿਆ ਰੇਂਜਰਾਂ ਨੇ ਵੇਲ੍ਹਾਂ ਨੂੰ ਪਾਣੀ ’ਚ ਵਾਪਸ ਭੇਜਣ ਲਈ ਬਚਾਅ ਕਾਰਜਾਂ ’ਚ ਪ੍ਰਾਜੈਕਟ ਜੋਨਾਹ ਦੇ ਵਾਲੰਟੀਅਰਾਂ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਖੇਤਰ ’ਚ ਰਹਿੰਦੇ ਕੁਝ ਲੋਕਾਂ ਨੇ ਵੀ ਇਸ ਕੰਮ ’ਚ ਉਨ੍ਹਾਂ ਦੀ ਮਦਦ ਕੀਤੀ। -ਏਪੀ