ਹਰਜੀਤ ਲਸਾੜਾ
ਬ੍ਰਿਸਬਨ, 30 ਨਵੰਬਰ
ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਲੈ ਕੇ ਵਧ ਰਹੀ ਵਿਸ਼ਵਵਿਆਪੀ ਚਿੰਤਾ ਦੇ ਮੱਦੇਨਜ਼ਰ ਆਸਟਰੇਲੀਆ ਦੀ ਸੰਘੀ ਸਰਕਾਰ ਨੇ ਭਾਰਤੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਪਹਿਲੀ ਦਸੰਬਰ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਸਾਰੇ ਕੌਮਾਂਤਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਨ੍ਹਾਂ ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦੇ ‘ਏਅਰ ਸੁਵਿਧਾ ਆਨਲਾਈਨ ਪੋਰਟਲ’ ਉੱਤੇ ਆਪਣੇ ਸਵੈ-ਘੋਸ਼ਣਾ ਪੱਤਰ ਵਿੱਚ ਪਿਛਲੇ 14 ਦਿਨਾਂ ਦੀ ਯਾਤਰਾ ਦਾ ਵੇਰਵਾ ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਰ ਯਾਤਰੀ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਸਬੰਧੀ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਅਪਲੋਡ ਕਰਨ ਲਈ ਕਿਹਾ ਗਿਆ ਹੈ। ਜੋਖਮ ਵਾਲੇ ਦੇਸ਼ਾਂ ਦੇ ਯਾਤਰੀਆਂ ਲਈ ਟੀਕਾਕਰਨ ਕਰਵਾਉਣ ਦੇ ਬਾਵਜੂਦ ਭਾਰਤ ਪਹੁੰਚਣ ਸਮੇਂ ਹਵਾਈ ਅੱਡੇ ’ਤੇ ਕੋਵਿਡ-19 ਦੀ ਜਾਂਚ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਉਨ੍ਹਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਲਈ ਸਵੈ-ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੈਸਟ ਤੋਂ ਛੋਟ ਹੈ।
ਜੋਖਮ ਵਾਲੇ ਦੇਸ਼ਾਂ ਵਿੱਚ ਦੱਖਣੀ ਅਫਰੀਕਾ, ਚੀਨ, ਬਰਤਾਨੀਆ, ਯੂਰਪੀ ਦੇਸ਼, ਬੰਗਲਾਦੇਸ਼, ਬ੍ਰਾਜ਼ੀਲ, ਬੋਤਸਵਾਨਾ, ਮੌਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਹਾਂਗਕਾਂਗ, ਸਿੰਗਾਪੁਰ ਅਤੇ ਇਜ਼ਰਾਈਲ ਸ਼ਾਮਲ ਹਨ। ਥਰਮਲ ਸਕਰੀਨਿੰਗ ਤੋਂ ਬਾਅਦ ਹੀ ਤੰਦਰੁਸਤ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਾਰੇ ਯਾਤਰੀਆਂ ਨੂੰ ਆਪੋ-ਆਪਣੇ ਮੋਬਾਈਲ ਫੋਨਾਂ ਉਤੇ ‘ਅਰੋਗਿਆ ਸੇਤੂ’ ਐਪ ਡਾਊਨਲੋਡ ਕਰਨਾ ਹੋਵੇਗਾ। ਨਵੇਂ ਨਿਯਮਾਂ ਅਨੁਸਾਰ ਘਰੇਲੂ ਇਕਾਂਤਵਾਸ ਦੌਰਾਨ ਪਾਜ਼ੇਟਿਵ ਪਾਏ ਜਾਣ ਵਾਲੇ ਯਾਤਰੀਆਂ ਦੇ ਸਾਰੇ ਸੰਪਰਕਾਂ ਨੂੰ ਵੀ 14 ਦਿਨਾਂ ਲਈ ਵੱਖ ਰੱਖਿਆ ਜਾਵੇਗਾ ਅਤੇ ਇਹ ਟੈਸਟ ਆਈਸੀਐੱਮਆਰ ਨੇਮਾਂ ਅਨੁਸਾਰ ਕੀਤਾ ਜਾਵੇਗਾ। ਟੈਸਟ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਹਰੇਕ ਵਿਅਕਤੀ ਨੂੰ ਸੱਤ ਦਿਨਾਂ ਲਈ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। ਅੱਠਵੇਂ ਦਿਨ ਇੱਕ ਫਾਲੋਅਪ ਟੈਸਟ ਕੀਤਾ ਜਾਵੇਗਾ ਅਤੇ ਵਿਅਕਤੀ ਅਗਲੇ ਸੱਤ ਦਿਨਾਂ ਲਈ ਆਪਣੀ ਸਿਹਤ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ। ਪੂਰੇ ਆਸਟਰੇਲੀਆ ਵਿੱਚ ਕੋਵਿਡ-19 ਪੀਸੀਆਰ ਟੈਸਟ ਮੁਫ਼ਤ ਅਤੇ ਵਿਆਪਕ ਤੌਰ ’ਤੇ ਉਪਲੱਬਧ ਹਨ।
ਆਸਟਰੇਲੀਆ ਨੇ ਕੌਮਾਂਤਰੀ ਸਰਹੱਦ ਖੋਲ੍ਹਣ ਦੀ ਯੋਜਨਾ ਅੱਗੇ ਪਾਈ
ਕੈਨਬਰਾ: ਆਸਟਰੇਲਿਆਈ ਸਰਕਾਰ ਨੇ ਕਰੋਨਾ ਦੀ ਨਵੀਂ ਕਿਸਮ ‘ਓਮੀਕਰੋਨ’ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਲਈ ਬੁੱਧਵਾਰ ਤੋਂ ਕੌਮਾਂਤਰੀ ਸਰਹੱਦ ਖੋਲ੍ਹਣ ਦੀ ਯੋਜਨਾ ਨੂੰ 15 ਦਿਨ ਲਈ ਅੱਗੇ ਪਾ ਦਿੱਤਾ ਹੈ। ਸਰਕਾਰ ਨਵੇਂ ਵਾਇਰਸ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੀ ਹੈ। ਕੈਬਨਿਟ ਦੀ ਕੌਮੀ ਸੁਰੱਖਿਆ ਕਮੇਟੀ ਨੇ ਕੌਮਾਂਤਰੀ ਸਰਹੱਦ ਮੁੜ ਖੋਲ੍ਹਣ ’ਤੇ 15 ਦਸੰਬਰ ਤੱਕ ਮੁੜ ਰੋਕ ਲਗਾ ਦਿੱਤੀ ਹੈ। ਜਿਨ੍ਹਾਂ ’ਤੇ ਰੋਕ ਲਗਾਈ ਗਈ ਹੈ, ਉਨ੍ਹਾਂ ਵਿੱੱਚ ਮਾਨਵਤਾਵਾਦੀ, ਛੁੱਟੀਆਂ ਮਨਾਉਣ ਵਾਲੇ ਕਾਮੇ ਅਤੇ ਆਰਜ਼ੀ ਪਰਿਵਾਰਕ ਵੀਜ਼ਾ ਧਾਰਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਜਾਪਾਨ ਅਤੇ ਦੱਖਣੀ ਕੋਰੀਆ ਲਈ ਸਰਹੱਦ ਮੁੜ ਖੋਲ੍ਹਣ ਦੀ ਯੋਜਨਾ ਵੀ ਮੁਅੱਤਲ ਕੀਤੀ ਜਾਵੇਗੀ। ਸਰਕਾਰ ਨੇ ਕਿਹਾ ਕਿ ਚੀਫ਼ ਮੈਡੀਕਲ ਅਫਸਰ ਪਾਲ ਕੈਲੀ ਵੱਲੋਂ ਦਿੱਤੇ ਮਸ਼ਵਰੇ ਮਗਰੋਂ ਸਰਹੱਦ ਖੋਲ੍ਹਣ ਦੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ‘ਓਮੀਕਰੋਨ’ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਅਤੇ ਇਸ ਖ਼ਿਲਾਫ਼ ਵੈਕਸੀਨ ਕਿੰਨੀ ਕੁ ਪ੍ਰਭਾਵਸ਼ਾਲੀ ਹੈ ਆਦਿ ਬਾਰੇ ਜਾਣਨ ਦੀ ਲੋੜ ਹੈ। -ਏਜੰਸੀ