ਕਾਠਮੰਡੂ, 10 ਮਈ
ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਅੱਜ ਪ੍ਰਤੀਨਿੱਧ ਸਦਨ ਵਿੱਚ ਹੋਈ ਵੋਟਿੰਗ ਦੌਰਾਨ ਵੱਡੇ ਫਰਕ ਨਾਲ ਭਰੋਸੇ ਦਾ ਵੋਟ ਹਾਰ ਗਏ। ਪੁਸ਼ਪ ਕਮਲ ਦਾਹਲ ਉਰਫ਼ ‘ਪ੍ਰਚੰਡਾ’ ਦੀ ਅਗਵਾਈ ਵਾਲੀ ਸੀਪੀਐੱਨ(ਮਾਓਵਾਦੀ ਕੇਂਦਰ) ਵੱਲੋਂ ਹਮਾਇਤ ਵਾਪਸ ਲੈਣ ਮਗਰੋਂ ਓਲੀ ਲਈ ਇਹ ਦੂਜਾ ਵੱਡਾ ਝਟਕਾ ਹੈ। ਪ੍ਰਧਾਨ ਮੰਤਰੀ ਓਲੀ ਨੂੰ ਨੇਪਾਲੀ ਸੰਸਦ ਦੇ ਹੇਠਲੇ ਸਦਨ ਵਿੱਚ 93 ਵੋਟ ਮਿਲੇ। ਸੰਸਦ ਦਾ ਇਹ ਵਿਸ਼ੇਸ਼ ਇਜਲਾਸ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਦੀਆਂ ਹਦਾਇਤਾਂ ’ਤੇ ਸੱਦਿਆ ਗਿਆ ਸੀ। ਓਲੀ ਨੂੰ ਸਰਕਾਰ ਬਚਾਉਣ ਲਈ 275 ਮੈਂਬਰੀ ਸਦਨ ਵਿੱਚ ਘੱਟੋ-ਘੱਟ 136 ਵੋਟਾਂ ਦੀ ਲੋੜ ਸੀ, ਕਿਉਂਕਿ ਸਦਨ ਦੇ ਚਾਰ ਮੈਂਬਰ ਮੌਜੂਦਾ ਸਮੇਂ ਮੁਅੱਤਲ ਹਨ। ਕੁੱਲ ਮਿਲਾ ਕੇ 124 ਮੈਂਬਰਾਂ ਨੇ ਓਲੀ ਖਿਲਾਫ਼ ਵੋਟ ਪਾਈ। -ਪੀਟੀਆਈ