ਕਾਠਮੰਡੂ, 3 ਨਵੰਬਰ
ਭਾਰਤ ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਗੁਆਂਢੀ ਦੇਸ਼ ਨੇਪਾਲ ਆਪਣੀ ਵਾਧੂ ਬਿਜਲੀ ਭਾਰਤੀ ਊਰਜਾ ਵਟਾਂਦਰਾ ਬਾਜ਼ਾਰ ਵਿੱਚ ਮੁਕਾਬਲਤਨ ਕੀਮਤ ’ਤੇ ਵੇਚੇਗਾ। ਇਹ ਦਾਅਵਾ ਅੱਜ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ‘ਕਾਠਮੰਡੂ ਪੋਸਟ’ ਮੁਤਾਬਕ, ਨੇਪਾਲ ਵੱਲੋਂ ਲਗਾਤਾਰ ਪੈਰਵੀ ਕਰਨ ਮਗਰੋਂ ਭਾਰਤੀ ਊਰਜਾ ਮੰਤਰੀ ਨੇ ਊਰਜਾ ਵਟਾਂਦਰਾ ਤਹਿਤ ਉਸ ਨੂੰ ਬਿਜਲੀ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ ਕਿਉਂਕਿ ਨੇਪਾਲ ਇਲੈਕਟ੍ਰੀਸਿਟੀ ਅਥਾਰਿਟੀ (ਐੱਨਈਏ) ਹੁਣ ਵਾਧੂ ਬਿਜਲੀ ਵੇਚਣ ਦੀ ਸਥਿਤੀ ਵਿੱਚ ਹੈ। ਭਾਰਤੀ ਊਰਜਾ ਵਟਾਂਦਰਾ ਬਾਜ਼ਾਰ ਵਿੱਚ ਪਹਿਲੇ ਪੜਾਅ ਵਿੱਚ 39 ਮੈਗਾਵਾਟ ਬਿਜਲੀ ਵੇਚਣ ਦੀ ਇਜ਼ਾਜਤ ਦਿੱਤੀ ਗਈ ਹੈ। ਐੱਨਈਏ ਦੀ ਮਾਲਕੀ ਵਾਲੀ ਤ੍ਰਿਸ਼ੂਲੀ ਹਾਈਡਰੋਪਾਵਰ ਵੱਲੋਂ 24 ਮੈਗਾਵਾਟ ਅਤੇ ਦੇਵੀਘਾਟ ਪਾਵਰ ਹਾਊਸ ਵੱਲੋਂ 15 ਮੈਗਾਵਾਟ ਬਿਜਲੀ ਤਿਆਰ ਕੀਤੀ ਜਾਂਦੀ ਹੈ। ਇਹ ਦੋਵੇਂ ਪ੍ਰਾਜੈਕਟ ਭਾਰਤ ਦੀ ਸਹਾਇਤਾ ਨਾਲ ਲਾਏ ਗਏ ਸਨ। ਨੇਪਾਲ ਦੇ ਊਰਜਾ, ਪਾਣੀ ਸਰੋਤ ਅਤੇ ਸਿੰਜਾਈ ਮੰਤਰੀ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਭਾਰਤ ਵੱਲੋਂ ਨੇਪਾਲ ਨੂੰ ਬਿਜਲੀ ਬਰਾਮਦਗੀ ਦੀ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਊਰਜਾ ਵਪਾਰ ਨਵੇਂ ਪੜਾਅ ਵਿੱਚ ਪਹੁੰਚ ਗਿਆ ਹੈ।’’ ਭਾਰਤ ਵੱਲੋਂ ਬਿਜਲੀ ਦੇ ਨਾਲ-ਨਾਲ ਨੇਪਾਲ ਨੂੰ ਹੋਰ ਕਈ ਪ੍ਰਾਜੈਕਟਾਂ ਵਿੱਚ ਵੀ ਸਹਾਇਤਾ ਦਿੱਤੀ ਜਾ ਰਹੀ ਹੈ। ਭਾਰਤ ਨੇਪਾਲ ਨੂੰ ਵਿਕਸਤ ਕਰਨ ਲਈ ਉਸ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ। ਭਾਰਤ ਦੇ ਵਿਕਾਸ ਕਾਰਜਾਂ ਦੀ ਸ਼ਲਾਘਾ ਹੋ ਰਹੀ ਹੈ। ਭਾਰਤ ਅਤੇ ਨੇਪਾਲ ਦੇ ਲੋਕਾਂ ਵਿਚਕਾਰ ਚੰਗੇ ਸਬੰਧ ਹਨ ਅਤੇ ਉਥੋਂ ਦੇ ਲੋਕ ਵੀ ਭਾਰਤ ’ਚ ਸਹਿਯੋਗ ਦਿੰਦੇ ਹਨ। -ਪੀਟੀਆਈ