ਕਾਠਮੰਡੂ, 14 ਜੁਲਾਈ
ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਕਾਰਜਕਾਰੀ ਚੇਅਰਮੈਨ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਅੱਜ ਮੁੜ ਆਪਸ ਵਿਚ ਗੱਲਬਾਤ ਆਰੰਭ ਦਿੱਤੀ ਹੈ। ਛੇ ਦਿਨ ਪਹਿਲਾਂ ਵੀ ਦੋਵਾਂ ਵਿਚਾਲੇ ਵਖ਼ਰੇਵੇਂ ਦੂਰ ਕਰਨ ਲਈ ਗੱਲਬਾਤ ਹੋਈ ਸੀ। ਦੱਸਣਯੋਗ ਹੈ ਕਿ ਪਾਰਟੀ ਦੋ ਧੜਿਆਂ ਵਿਚ ਵੰਡੀ ਹੋਈ ਹੈ ਤੇ ਆਪਸੀ ਟਕਰਾਅ ਦੂਰ ਕਰਨ ਦਾ ਗੱਲਬਾਤ ਰਾਹੀਂ ਯਤਨ ਕੀਤਾ ਜਾ ਰਿਹਾ ਹੈ। ਪ੍ਰਚੰਡ ਦੇ ਮੀਡੀਆ ਸਲਾਹਕਾਰ ਨੇ ਕਿਹਾ ਕਿ ਦੋਵਾਂ ਨੇ ਗੱਲਬਾਤ ਦੁਬਾਰਾ ਆਰੰਭੀ ਹੈ। ਪਾਰਟੀ ਦੀ ਸਥਾਈ ਕਮੇਟੀ ਦੀ ਮੀਟਿੰਗ ਸ਼ੁੱਕਰਵਾਰ ਨੂੰ ਰੱਖੀ ਗਈ ਹੈ ਜਿਸ ਵਿਚ 68 ਸਾਲਾ ਓਲੀ ਦੇ ਸਿਆਸੀ ਭਵਿੱਖ ਬਾਰੇ ਫ਼ੈਸਲੇ ਲਏ ਜਾਣ ਦੇ ਆਸਾਰ ਹਨ। ਓਲੀ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਵਿਰੋਧੀ ਭਾਰਤ ਦੀ ਮਦਦ ਨਾਲ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਯਤਨ ਕਰ ਰਹੇ ਹਨ। ਨੇਪਾਲ ਕਮਿਊਨਿਸਟ ਪਾਰਟੀ ਦੇ ਆਗੂ ਪ੍ਰਚੰਡ ਨੇ ਕਿਹਾ ਸੀ ਕਿ ਉਹ ਪਾਰਟੀ ਨੂੰ ਦੋਫਾੜ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਪੱਖ ਤੋਂ ਕਿਸੇ ਨੂੰ ਵੀ ਉਹ ਪਾਰਟੀ ਦਾ ਏਕਾ ਨਹੀਂ ਤੋੜਨ ਦੇਣਗੇ। ਇਸ ਨਾਲ ਕਰੋਨਾ ਮਹਾਮਾਰੀ ਤੇ ਕੁਦਰਤੀ ਆਫ਼ਤਾਂ ਖ਼ਿਲਾਫ਼ ਮੁਹਿੰਮ ਪ੍ਰਭਾਵਿਤ ਹੋਵੇਗੀ। -ਪੀਟੀਆਈ