ਕਾਠਮੰਡੂ:
ਮੁੱਖ ਅੰਸ਼
- ਭਲਕ ਸਵੇਰ ਤੱਕ ਦਾ ਸਮਾਂ ਦਿੱਤਾ
- ਨੇਪਾਲੀ ਕਾਂਗਰਸ ਕੋਲ ਸੀਪੀਐਨ (ਮਾਓਇਸਟ ਸੈਂਟਰ) ਨਾਲ ਮਿਲ ਕੇ ਸਰਕਾਰ ਬਣਾਉਣ ਦਾ ਮੌਕਾ
ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀਰਵਾਰ ਤੱਕ ਆਪਣਾ ਬਹੁਮਤ ਸਾਬਿਤ ਕਰਨ। ਜ਼ਿਕਰਯੋਗ ਹੈ ਕਿ ਇਕ ਪਾਰਟੀ ਦੀ ਅਗਵਾਈ ਸਿਆਸੀ ਸੰਕਟ ਵਿਚ ਘਿਰੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਕਰ ਰਹੇ ਹਨ ਜੋ ਕਿ ਸੰਸਦ ਦੇ ਹੇਠਲੇ ਸਦਨ ਵਿਚ ਭਰੋਸੇ ਦੀ ਵੋਟ ਹਾਰ ਗਏ ਹਨ। ਰਾਸ਼ਟਰਪਤੀ ਦੇ ਦਫ਼ਤਰ ਮੁਤਾਬਕ ਰਾਸ਼ਟਰਪਤੀ ਭੰਡਾਰੀ ਨੇ ਪਾਰਟੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਬਹੁਮਤ ਸਾਬਿਤ ਕਰ ਕੇ ਸਰਕਾਰ ਬਣਾਉਣ। ਸਰਕਾਰ ਬਣਾਉਣ ਦਾ ਦਾਅਵਾ ਕਰਨ ਲਈ ਪਾਰਟੀਆਂ ਨੂੰ ਤਿੰਨ ਦਿਨਾਂ ਦਾ ਸਮਾਂ (ਵੀਰਵਾਰ ਸਵੇਰੇ 9 ਵਜੇ ਤੱਕ) ਦਿੱਤਾ ਗਿਆ ਹੈ। ਓਲੀ ਦੇ ਬਹੁਮਤ ਸਾਬਿਤ ਕਰਨ ਵਿਚ ਨਾਕਾਮ ਰਹਿਣ ’ਤੇ ਨੇਪਾਲੀ ਕਾਂਗਰਸ, ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਇਸਟ ਸੈਂਟਰ) ਤੇ ਜਨਤਾ ਸਮਾਜਵਾਦੀ ਪਾਰਟੀ ਨੇ ਰਾਸ਼ਟਰਪਤੀ ਨੂੰ ਸੰਵਿਧਾਨ ਦੀ ਧਾਰਾ 76(2) ਲਾਉਣ ਦੀ ਬੇਨਤੀ ਕੀਤੀ ਸੀ ਜੋ ਕਿ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਕਰੇਗੀ। ਇਨ੍ਹਾਂ ਤਿੰਨਾਂ ਪਾਰਟੀਆਂ ਦੇ ਮੁਖੀਆਂ ਨੇ ਇਕ ਸਾਂਝਾ ਬਿਆਨ ਵੀ ਜਾਰੀ ਕੀਤਾ ਹੈ। ਨੇਪਾਲੀ ਕਾਂਗਰਸ ਕੋਲ ‘ਮਾਓਇਸਟ ਸੈਂਟਰ’ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਮੌਕਾ ਹੈ। ਪਰ ਦੋਵੇਂ ਧਿਰਾਂ ਕੋਲ 26 ਸੀਟਾਂ ਘੱਟ ਹਨ। ਸੰਵਿਧਾਨ ਦੀ ਧਾਰਾ 76(3) ਤਹਿਤ ਓਲੀ ਵੀ ਮੁੜ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰ ਸਕਦੇ ਹਨ। ਮੁੱਖ ਵਿਰੋਧੀ ਧਿਰ ਨੇਪਾਲੀ ਕਾਂਗਰਸ ਪਹਿਲਾਂ ਹੀ ਸਰਕਾਰ ਬਣਾਉਣ ਦਾ ਐਲਾਨ ਕਰ ਚੁੱਕੀ ਹੈ। ਸੀਪੀਐਨ (ਮਾਓਇਸਟ ਸੈਂਟਰ) ਅਤੇ ਜਨਤਾ ਸਮਾਜਵਾਦੀ ਪਾਰਟੀ ਨੇ ਕਾਂਗਰਸ ਦੀ ਹਮਾਇਤ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ