ਕਾਠਮੰਡੂ, 22 ਦਸੰਬਰ
ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੀ ਅਗਵਾਈ ਵਾਲੇ ਧੜੇ ਨੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਪਾਰਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਫ਼ੈਸਲਾ ‘ਪ੍ਰਚੰਡ’ ਦੀ ਅਗਵਾਈ ਵਾਲੇ ਸੀਪੀਐਨ ਦੇ ਧੜੇ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ। ਦੱਸਣਯੋਗ ਹੈ ਕਿ ਕੁਝ ਘੰਟੇ ਪਹਿਲਾਂ ਹੀ ਓਲੀ ਨੇ ਪਾਰਟੀ ਦੀ ਜਨਰਲ ਕਨਵੈਨਸ਼ਨ ਕਰਵਾਉਣ ਲਈ 1199 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਸੀ। ਇਸ ਦਾ ਮੰਤਵ ਪਾਰਟੀ ਉਤੇ ਪਕੜ ਮਜ਼ਬੂਤ ਕਰਨਾ ਸੀ। ਪ੍ਰਚੰਡ ਦੇ ਧੜੇ ਨੇ ਸਰਬਸੰਮਤੀ ਨਾਲ ਸੀਨੀਅਰ ਆਗੂ ਮਾਧਵ ਕੁਮਾਰ ਨੇਪਾਲ ਨੂੰ ਪਾਰਟੀ ਦਾ ਦੂੁਜਾ ਚੇਅਰਮੈਨ ਚੁਣ ਲਿਆ ਹੈ। ਪ੍ਰਚੰਡ ਖ਼ੁਦ ਪਾਰਟੀ ਦੇ ਪਹਿਲੇ ਚੇਅਰਮੈਨ ਹਨ। ਕੇਂਂਦਰੀ ਕਮੇਟੀ ਦੀ ਮੈਂਬਰ ਰੇਖਾ ਸ਼ਰਮਾ ਨੇ ਕਿਹਾ ਕਿ ਹੁਣ ਦਾਹਲ ਤੇ ਮਾਧਵ ਬੈਠਕਾਂ ਦੀ ਅਗਵਾਈ ਕਰਨਗੇ। ਸ਼ਰਮਾ ਨੇ ਕਿਹਾ ਕਿ ਓਲੀ ਨੂੰ ਪਾਰਟੀ ਖ਼ਿਲਾਫ਼ ਜਾਣ ਕਾਰਨ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦੋਵਾਂ ਧੜਿਆਂ ਨੇ ਆਪੋ-ਆਪਣੀਆਂ ਕੇਂਦਰੀ ਕਮੇਟੀ ਦੀਆਂ ਬੈਠਕਾਂ ਰੱਖੀਆਂ ਸਨ। -ਪੀਟੀਆਈ