ਕਾਠਮੰਡੂ, 9 ਮਈ
ਅਹੁਦਾ ਬਚਾਉਣ ਲਈ ਜੂਝ ਰਹੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਭਲਕੇ ਸੰਸਦ ਵਿਚ ਭਰੋਸੇ ਦੀ ਵੋਟ ਹਾਸਲ ਕਰਨ ਦਾ ਯਤਨ ਕਰਨਗੇ। ਹੇਠਲੇ ਸਦਨ ਵਿਚ ਓਲੀ ਆਪਣਾ ਬਹੁਮਤ ਸਾਬਿਤ ਕਰਨਗੇ। ਜ਼ਿਕਰਯੋਗ ਹੈ ਕਿ ਪੁਸ਼ਪਕਮਲ ਦਾਹਲ ‘ਪ੍ਰਚੰਡ’ ਦੀ ਅਗਵਾਈ ਵਾਲੀ ਸੀਪੀਐਨ (ਮਾਓਇਸਟ ਸੈਂਟਰ) ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਹੇਠਲੇ ਸਦਨ ਦਾ ਵਿਸ਼ੇਸ਼ ਸੈਸ਼ਨ ਭਲਕੇ ਸੱਦਿਆ ਗਿਆ ਹੈ। ਓਲੀ 275 ਮੈਂਬਰੀ ਸਦਨ ਵਿਚ ਬਹੁਮਤ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੇ। ਸੱਤਾਧਾਰੀ ਸੀਪੀਐਨ-ਯੂਐਮਐੱਲ ਨੇ ਵਿਪ੍ਹ ਜਾਰੀ ਕੀਤੀ ਹੈ ਤੇ ਸਾਰੇ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਦੇ ਹੱਕ ਵਿਚ ਵੋਟ ਪਾਉਣ ਲਈ ਕਿਹਾ ਹੈ। -ਪੀਟੀਆਈ