ਸੰਯੁਕਤ ਰਾਸ਼ਟਰ, 15 ਦਸੰਬਰ
ਭਾਰਤ ਨੇ ਕਿਹਾ ਹੈ ਕਿ ਉਸ ਦੇ ਟੀਕੇ ਦਾ ਉਤਪਾਦਨ ਅਤੇ ਉਸ ਦੀ ਵੰਡ ਸਮਰੱਥਾ ਨਾਲ ਸਾਰੀ ਮਨੁੱਖਤਾ ਨੂੰ ਕੋਵਿਡ-19 ਸੰਕਟ ਨਾਲ ਸਿੱਝਣ ’ਚ ਸਹਾਇਤਾ ਮਿਲੇਗੀ ਜਿਸ ਨੇ ਆਲਮੀ ਸਹਿਯੋਗ ’ਚ ਦੂਰੀਆਂ ਨੂੰ ਉਜਾਗਰ ਕੀਤਾ ਹੈ।
ਇਸ ਦੇ ਨਾਲ ਕੌਮਾਂਤਰੀ ਭਾਈਚਾਰੇ ਨੂੰ ਦੁਚਿੱਤੀ ਦੇ ਬਜਾਏ ਸਹਿਯੋਗ ਨਾਲ ਆਲਮੀ ਮਹਾਮਾਰੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਆਮ ਸਭਾ ਦੇ ਕੋਵਿਡ-19 ਬਾਰੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮ) ਵਿਕਾਸ ਸਵਰੂਪ ਨੇ ਕਿਹਾ ਕਿ ਮੌਜੂਦਾ ਕਰੋਨਾਵਾਇਰਸ ਸੰਕਟ ਨੇ ਬਹੁਧਿਰੀ ਜਥੇਬੰਦੀਆਂ ਦੇ ਆਲਮੀ ਸਹਿਯੋਗ ਅਤੇ ਸ਼ਾਸਨ ਢਾਂਚਿਆਂ ਵਿਚਕਾਰਲੇ ਪਾੜਿਆਂ ਨੂੰ ਉਜਾਗਰ ਕੀਤਾ ਹੈ।
ਉਨ੍ਹਾਂ ਕਿਹਾ,‘‘ਇਹ ਅਹਿਮ ਹੈ ਕਿ ਅਸੀਂ ਬਹੁਧਿਰੀ ਸੁਧਾਰ ਨੂੰ ਆਪਣਾ ਸਿਧਾਂਤ ਬਣਾਈਏ। ਜ਼ਰੂਰੀ ਹੈ ਕਿ ਮਹਾਮਾਰੀ ਨਾਲ ਸਿੱਝਣ ਲਈ ਸਾਨੂੰ ਲੀਡਰਸ਼ਿਪ, ਇਕਜੁੱਟਤਾ ਅਤੇ ਸਹਿਯੋਗ ਦਿਖਾਉਣ ਲਈ ਹੱਥ ਮਿਲਾਉਣਾ ਹੋਵੇਗਾ। ਅਸੀਂ ਸਹਿਯੋਗ, ਬਿਨਾਂ ਦੁਚਿੱਤੀ, ਤਿਆਰੀ ਨਾਲ, ਬਿਨਾਂ ਘਬਰਾਏ ਅਤੇ ਵੱਖ ਹੋਣ ਦੀ ਬਜਾਏ ਇਕੱਠੇ ਹੋ ਕੇ ਸਭ ਤੋਂ ਵਧੀਆ ਤਰੀਕੇ ਨਾਲ ਨਜਿੱਠ ਸਕਦੇ ਹਾਂ।’’ ਸ੍ਰੀ ਸਵਰੂਪ ਨੇ ਕਿਹਾ ਕਿ ਭਾਰਤ ਸਾਰੇ ਮੁਲਕਾਂ ਨੂੰ ਟੀਕੇ ਦੀ ਵੰਡ ਲਈ ਉਨ੍ਹਾਂ ਦੀ ‘ਕੋਲਡ ਚੇਨ’ ਅਤੇ ਭੰਡਾਰਨ ਸਮਰੱਥਾ ਨੂੰ ਵਧਾਉਣ ’ਚ ਵੀ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਕੋਵੈਕਿਸਨ ਦਾ ਤੀਜਾ ਅਤੇ ਜ਼ਾਈਕੋਵ-ਡੀ ਦਾ ਦੂਜਾ ਪ੍ਰੀਖਣ ਚੱਲ ਰਿਹਾ ਹੈ ਜਦਕਿ ਸੀਰਮ ਇੰਸਟੀਚਿਊਟ, ਆਕਸਫੋਰਡ ਯੂਨੀਵਰਸਿਟੀ-ਐਸਟਰਾਜ਼ੈਨੇਕਾ ਕੋਵੀਸ਼ੀਲਡ ਵੈਕਸੀਨ ਦਾ ਅੰਤਿਮ ਪ੍ਰੀਖਣ ਕਰ ਰਹੀ ਹੈ। ਉਨ੍ਹਾਂ ਕਿਹਾ ਿਕ ਇਹ ਸਮਾਂ ਲੋਕਾਂ ਨੂੰ ਬਚਾਉਣ ਦਾ ਹੈ ਅਤੇ ਮੁਲਕਾਂ ਨੂੰ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। -ਪੀਟੀਆਈ