ਜਨੇਵਾ, 10 ਅਕਤੂਬਰ
ਮੁੱਖ ਅੰਸ਼
- ਯੂਐੱਨ ਤੇ ਰੈੱਡ ਕਰਾਸ ਨੇ ਆਪਣੀ ਸਾਂਝੀ ਰਿਪੋਰਟ ’ਚ ਦਾਅਵਾ ਕੀਤਾ
- ਲੋਕਾਂ ਤੇ ਸਰਕਾਰਾਂ ਨੂੰ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਕਿਹਾ
ਇੰਟਰਨੈਸ਼ਨਲ ਰੈੱਡ ਕਰਾਸ ਤੇ ਸੰਯੁਕਤ ਰਾਸ਼ਟਰ ਨੇ ਲੋਕਾਂ ਤੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰਮੀ ਤੋਂ ਬਚਣ ਤੋਂ ਇਸ ਨੂੰ ਭਾਂਜ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ। ਆਲਮੀ ਜਥੇਬੰਦੀਆਂ ਨੇ ਕਿਹਾ ਕਿ ਬਿਹਤਰ ਤਿਆਰੀ ਨਾਲ ਹੀ ਗਰਮੀ ਤੇ ਲੂ ਨਾਲ ਸਿੱਝਿਆ ਜਾ ਸਕਦਾ ਹੈ, ਜਿਵੇਂ ਕਿ ਹਾਲ ਹੀ ਵਿੱਚ ਸੈਕਰਾਮੈਂਟੋ, ਕੈਲੀਫੋਰਨੀਆ, ਸੋਮਾਲੀਆ ਤੋਂ ਸਿਚੁਆਨ, ਚੀਨ ਵਿੱਚ ਨਜ਼ਰ ਆਈ ਹੈ। ਜਥੇਬੰਦੀਆਂ ਨੇ ਕਿਹਾ ਕਿ ਗਰਮੀ ਤੇ ਲੂ ਕਰਕੇ ਭਵਿੱਖ ਵਿੱਚ ਵਧੇਰੇ ਜਾਨਾਂ ਜਾ ਸਕਦੀਆਂ ਹਨ।
ਸੰਯੁਕਤ ਰਾਸ਼ਟਰ ਦੀ ਮਨੁੱਖੀ ਏਡ ਬਾਰੇ ਏਜੰਸੀ ਓਸੀਐੱਚਏ ਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈੱਡ ਕਰਾਸ ਤੇ ਰੈੱਡ ਕ੍ਰੀਸੈਂਟ ਸੁਸਾਇਟੀਜ਼ ਵੱਲੋਂ ਸਾਂਝੇ ਤੌਰ ’ਤੇ ਜਾਰੀ ਪਹਿਲੀ ਰਿਪੋਰਟ ਵਿੱਚ ਗਰਮੀ ਤੇ ਲੂ ਕਰਕੇ ਬੀਤੇ ਵਿੱਚ ਮਚੀ ਤਬਾਹੀ ਦੇ ਵੇਰਵੇ ਤੇ ਭਵਿੱਖ ਵਿੱਚ ਨੁਕਸਾਨ ਨੂੰ ਘੱਟ ਕਰਨ ਲਈ ਕੀਤੀ ਜਾਣ ਵਾਲੀਆਂ ਤਿਆਰੀਆਂ ਦੇ ਢੰਗ ਤਰੀਕੇ ਦੱਸੇ ਗਏ ਹਨ। ਰਿਪੋਰਟ, ਜਿਸ ਦਾ ਸਿਰਲੇਖ ਹੈ ‘ਐਕਸਟ੍ਰੀਮ ਹੀਟ: ਪ੍ਰੀਪੇਅਰਿੰਗ ਫਾਰ ਦਿ ਹੀਟਵੇਵਜ਼ ਆਫ਼ ਦਿ ਫਿਊਚਰ’ ਵਿੱਚ ਕਿਹਾ ਗਿਆ ਹੈ ਕਿ ਸਾਲ 2010 ਤੋਂ 2019 ਦੇ ਅਰਸੇ ਦੌਰਾਨ ਗਰਮੀ ਦੇ ਮੌਸਮ ਕਰਕੇ 70,000 ਤੋਂ ਵੱਧ ਲੋਕ ਆਲਮੀ ਪੱਧਰ ’ਤੇ ਮੌਤ ਦੇ ਮੂੰਹ ਪੈ ਗਏ। ਰਿਪੋਰਟ ਮੁਤਾਬਕ ਇਹ ਅੰਕੜਾ ਅਸਲ ਅਨੁਮਾਨਾਂ ਤੋਂ ਕਿਤੇ ਘੱਟ ਹੈ। ਰੈੱਡ ਕਰਾਸ ਦੀਆਂ ਪਿਛਲੀਆਂ ਗਿਣਤੀਆਂ-ਮਿਣਤੀਆਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਕਿ ਵੱਖ ਵੱਖ ਕੁਦਰਤੀ ਆਫ਼ਤਾਂ ਕਰਕੇ ਹੋਣ ਵਾਲੀਆਂ 4.10 ਲੱਖ ਮੌਤਾਂ ਵਿੱਚੋਂ 6ਵਾਂ ਹਿੱਸਾ ਮੌਤਾਂ ਸਿਖਰ ਦੀ ਗਰਮੀ/ਠੰਢ ਤੇ ਵਾਤਾਵਰਨ ਕਰਕੇ ਹੋਈਆਂ ਹਨ। ਜਥੇਬੰਦੀਆਂ ਨੇ ਕਿਹਾ ਕਿ ਮਨੁੱਖੀ ਮਦਦ ਨਾਲ ਜੁੜੇੇ ਕਈ ਸਮੂਹਾਂ ਵੱਲੋਂ ‘ਗ੍ਰੀਨ’ ਛੱਤਾਂ, ਕੂਲਿੰਗ ਸੈਂਟਰਾਂ ਤੇ ਸਕੂਲ ਕੈਲੰਡਰਾਂ ਵਿੱਚ ਫੇਰਬਦਲ ਜਿਹੇ ਕਈ ਉਪਰਾਲੇ ਸੁਝਾਉਣ ਤੋਂ ਇਲਾਵਾ ਇਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਕੇ ਤਜਰਬੇ ਵੀ ਕੀਤੇ ਜਾ ਰਹੇ ਹਨ। ਏਜੰਸੀਆਂ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਟਾਕਰੇ ਲਈ ਮਨੁੱਖੀ ਸਵੈ-ਸੇਵੀ ਸਮੂਹਾਂ, ਵਿਕਾਸ ਸੰਸਥਾਵਾਂ ਤੇ ਮੌਸਮ ਮਾਹਿਰਾਂ ਵਿੱਚ ਵੱਡੇ ਤਾਲਮੇਲ ਦੀ ਲੋੜ ਹੈ। -ਏਪੀ