ਲੰਡਨ, 25 ਜੂਨ
ਬਰਤਾਨੀਆ ਵਿੱਚ ਰੇਲਵੇ ਦੀ ਦੇਸ਼ਿਵਆਪੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹਿਣ ਕਾਰਨ ਜਿੱਥੇ ਇਕ ਪਾਸੇ ਰੇਲਵੇ ਸਟੇਸ਼ਨਾਂ ’ਤੇ ਸੁੰਨ ਪਸਰੀ ਰਹੀ, ਉੱਥੇ ਹੀ ਲੱਖਾਂ ਲੋਕਾਂ ਦੀਆਂ ਹਫ਼ਤੇ ਦੇ ਅਖ਼ੀਰ ਵਿੱਚ ਸੈਰ-ਸਪਾਟੇ ਲਈ ਨਿਕਲਣ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ।
ਰੇਲ ਕੰਪਨੀਆਂ ਨੇ ਕਿਹਾ ਕਿ ਯਾਤਰੀ ਰੇਲ ਸੇਵਾਵਾਂ ਦਾ ਸਿਰਫ਼ ਪੰਜਵਾਂ ਹਿੱਸਾ ਹੀ ਚੱਲੇਗਾ ਕਿਉਂਕਿ ਰੇਲਵੇ ਦੇ ਕਰੀਬ 40000 ਕਲੀਨਰ, ਸਿਗਨਲਰ, ਰੱਖ-ਰਖਾਓ ਵਾਲੇ ਕਰਮਚਾਰੀ ਅਤੇ ਸਟੇਸ਼ਨਾਂ ਦਾ ਸਟਾਫ ਕੰਮ ਛੱਡ ਕੇ ਹੜਤਾਲ ’ਤੇ ਚੱਲ ਰਿਹਾ ਹੈ। ਪਿਛਲੇ 30 ਸਾਲਾਂ ਵਿੱਚ ਇਹ ਬਰਤਾਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਜ਼ਿਆਦਾ ਵਿਘਨਕਾਰੀ ਰੇਲਵੇ ਦੀ ਹੜਤਾਲ ਹੈ। ਇਨ੍ਹਾਂ ਵਰਕਰਾਂ ਨੇ ਮੰਗਲਵਾਰ ਤੇ ਵੀਰਵਾਰ ਨੂੰ ਵੀ ਤਨਖ਼ਾਹਾਂ ਤੇ ਕੰਮ ਸਬੰਧੀ ਹਾਲਾਤ ਨੂੰ ਲੈ ਕੇ 24 ਘੰਟਿਆਂ ਦੀ ਹੜਤਾਲ ਕੀਤੀ ਸੀ। ਰੇਲ, ਸਮੁੰਦਰੀ ਤੇ ਟਰਾਂਸਪੋਰਟ ਯੂਨੀਅਨ ਤਨਖਾਹਾਂ ਵਿੱਚ ਢੁਕਵਾਂ ਵਾਧਾ ਕਰਨ ਦੀ ਮੰਗ ਕਰ ਰਹੀ ਹੈ ਕਿਉਂਕਿ ਦੇਸ਼ ਵਿੱਚ ਇਸ ਵੇਲੇ ਮਹਿੰਗਾਈ ਪਿਛਲੇ ਚਾਰ ਦਹਾਕਿਆਂ ’ਚ ਸਿਖ਼ਰ ’ਤੇ ਹੈ, ਜਿਸ ਕਰ ਕੇ ਕਾਮਿਆਂ ਨੂੰ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਕਰੋਨਾਵਾਇਰਸ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਪੂਰੀ ਫੰਡਿੰਗ ਨਾ ਹੋਣ ਕਾਰਨ ਰੇਲ ਕੰਪਨੀਆਂ ਹਾਲਾਂਕਿ, ਹੁਣ ਦੋ ਸਾਲਾਂ ਬਾਅਦ ਖਰਚੇ ਘਟਾਉਣ ਦੇ ਰੌਂਅ ਵਿੱਚ ਹਨ। -ਏਪੀ