ਵਾਸ਼ਿੰਗਟਨ, 13 ਜੁਲਾਈ
ਮੁੱਖ ਅੰਸ਼
- ਹਜ਼ਾਰਾਂ ਪ੍ਰਕਾਸ਼ ਵਰ੍ਹੇ ਦੂਰ ਗ੍ਰਹਿ ’ਤੇ ਬੱਦਲ ਤੇ ਹਲਕੀ ਧੁੰਦ ਦੇ ਵੀ ਸਬੂਤ
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ ਰਾਹੀਂ ਹਜ਼ਾਰਾਂ ਪ੍ਰਕਾਸ਼ ਵਰ੍ਹੇ ਦੂਰ ਸੂਰਜ ਵਰਗੇ ਤਾਰੇ ਦੀ ਪਰਿਕਰਮਾ ਕਰਦਾ ਇਕ ਵੱਡਾ ਗ੍ਰਹਿ ਦੇਖਿਆ ਗਿਆ ਹੈ ਜਿੱਥੇ ਪਾਣੀ, ਬੱਦਲ ਤੇ ਹਲਕੀ ਧੁੰਦ ਦੇ ਸੰਕੇਤ ਮਿਲੇ ਹਨ। ਇਸ ਦਾ ਵਾਤਾਵਰਨ ਗਰਮ ਤੇ ਫੁੱਲਿਆ ਹੋਇਆ ਜਾਪ ਰਿਹਾ ਹੈ। ਵੈੱਬ ਟੈਲੀਸਕੋਪ ਦੀ ਸਮਰੱਥਾ ਦਾ ਇਹ ਸਿਖ਼ਰ ਹੈ ਤੇ ਐਨੀ ਦੂਰ ਸਥਿਤ ਕਿਸੇ ਗ੍ਰਹਿ ਨੂੰ ਐਨੇ ਵਿਸਥਾਰ ਵਿਚ ਪਹਿਲੀ ਵਾਰ ਦੇਖਿਆ ਗਿਆ ਹੈ। ਨਾਸਾ ਨੇ ਕਿਹਾ ਕਿ ਇਹ ਗ੍ਰਹਿ ‘ਮਿਲਕੀ ਵੇਅ’ ਗਲੈਕਸੀ (ਤਾਰਾ ਮੰਡਲ) ਦੇ ਪੰਜ ਹਜ਼ਾਰ ਤੋਂ ਵੱਧ ਪਛਾਣੇ ਗਏ ਗ੍ਰਹਿਆਂ ਵਿਚੋਂ ਇਕ ਹੈ ਜੋ ਸੌਰ ਮੰਡਲ ਤੋਂ ਬਾਹਰ ਸੂਰਜ ਵਰਗੀ ਕਿਸੇ ਚੀਜ਼ ਦੁਆਲੇ ਗੇੜੇ ਲਾ ਰਿਹਾ ਹੈ। ਇਹ ਤਾਰਿਆਂ ਦੇ ਸਮੂਹ ‘ਫੀਨਿਕਸ’ ਤੋਂ ਕਰੀਬ 1150 ਪ੍ਰਕਾਸ਼ ਵਰ੍ਹੇ ਦੂਰ ਹੈ। ਹਾਲਾਂਕਿ ਇਹ ਕਾਫ਼ੀ ਗਰਮ ਹੈ ਤੇ ਤਾਪਮਾਨ 538 ਡਿਗਰੀ ਸੈਲਸੀਅਸ ਤੋਂ ਵੱਧ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਬਲ ਪੁਲਾੜ ਟੈਲੀਸਕੋਪ ਵੀ ਸਾਡੇ ਸੌਰ ਮੰਡਲ ਤੋਂ ਬਾਹਰ ਕਈ ਗ੍ਰਹਿ ਪਿਛਲੇ ਦੋ ਦਹਾਕਿਆਂ ਵਿਚ ਦੇਖ ਚੁੱਕਾ ਹੈ। ਇਸ ਰਾਹੀਂ ਹੀ 2013 ਵਿਚ ਪਹਿਲੀ ਵਾਰ ਧਰਤੀ ਤੋਂ ਬਾਹਰ ਕਿਤੇ ਪਾਣੀ ਦੀ ਸ਼ਨਾਖ਼ਤ ਕੀਤੀ ਗਈ ਸੀ। ਵਿਗਿਆਨੀਆਂ ਮੁਤਾਬਕ ਨਵਾਂ ਦੇਖਿਆ ਗਿਆ ਗ੍ਰਹਿ ‘ਡਬਲਿਊਏਐੱਸਪੀ-96 ਬੀ’ ਦਾ ਪ੍ਰਕਾਸ਼ ਸਪੈਕਟਰਮ, ਕਰੀਬ-ਕਰੀਬ ਇਨਫ਼ਰਾਰੈੱਡ ਸਪੈਕਟਰਮ ਦੇ ਨੇੜੇ ਹੈ। ਸਾਡੇ ਸੌਰ ਮੰਡਲ ਤੋਂ ਬਾਹਰ ਰੌਸ਼ਨੀਆਂ ਦਾ ਅਜਿਹਾ ਸਪੈਕਟਰਮ ਪਹਿਲੀ ਵਾਰ ਦੇਖਿਆ ਗਿਆ ਹੈ। ਇਸ ਵਿਚ ਕਈ ਤਰ੍ਹਾਂ ਦੀ ‘ਵੇਬਲੈਂਥ’ (ਦੋ ਤਰੰਗਾਂ ਦੇ ਵਿਚ ਦੀ ਦੂਰੀ) ਹੈ। ਲਾਲ ਪ੍ਰਕਾਸ਼ ਮੌਜੂਦ ਹੈ ਤੇ ਇਸ ਸਪੈਕਟਰਮ ਦਾ ਕੁਝ ਹਿੱਸਾ ਅਜਿਹਾ ਹੈ ਜੋ ਪਹਿਲਾਂ ਕਦੇ ਕਿਸੇ ਹੋਰ ਟੈਲੀਸਕੋਪ ਨਾਲ ਨਹੀਂ ਦੇਖਿਆ ਗਿਆ। ਸਪੈਕਟਰਮ ਦਾ ਅਜਿਹਾ ਹਿੱਸਾ ਆਮ ਤੌਰ ’ਤੇ ਪਾਣੀ, ਆਕਸੀਜਨ, ਮੀਥੇਨ ਤੇ ਕਾਰਬਨ ਡਾਇਓਕਸਾਈਡ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ। -ਪੀਟੀਆਈ