ਯੈਂਗੋਨ, 1 ਅਪਰੈਲ
ਮਿਆਂਮਾਰ ਵਿੱਚ ਫ਼ੌਜ ਵੱਲੋਂ ਕੀਤੇ ਗਏ ਤਖ਼ਤਾਪਲਟ ਨੂੰ ਦੋ ਮਹੀਨੇ ਪੂਰੇ ਹੋਣ ’ਤੇ ਅੱਜ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ ਅਤੇ ਲੋਕਤੰਤਰ ਨੂੰ ਬਹਾਲ ਰੱਖਣ ਤੇ ਹਿਰਾਸਤ ਵਿੱਚ ਲਏ ਗਏ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਮਿਆਂਮਾਰ ਵਿੱਚ 1 ਫਰਵਰੀ ਨੂੰ ਤਖ਼ਤਾ ਪਲਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਹੈ।
ਪੱਛਮੀ ਦੇਸ਼ਾਂ ਵੱਲੋਂ ਫ਼ੌਜੀ ਸ਼ਾਸਨ ਖ਼ਿਲਾਫ਼ ਪਾਬੰਦੀ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਗੋਲੀਬਾਰੀ ਦੀਆਂ ਘਟਨਾਵਾਂ ਜਾਰੀ ਹਨ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੋਨ ਵਿੱਚ ਸੂਰਜ ਚੜ੍ਹਦੇ ਹੀ ਨੌਜਵਾਨਾਂ ਦੇ ਇਕ ਸਮੂਹ ਨੇ ਪ੍ਰਦਰਸ਼ਨ ਵਿੱਚ ਮਾਰੇ ਗਏ 500 ਤੋਂ ਵੱਧ ਲੋਕਾਂ ਦੀ ਯਾਦ ਵਿੱਚ ਅੱਜ ਸੋਗ ਭਰੇ ਗੀਤ ਗਾਏ। ਇਸ ਤੋਂ ਬਾਅਦ ਉਹ ਜੁੰਟਾ ਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਤੇ ਅਹੁਦੇ ਤੋਂ ਹਟਾਈ ਗਈ ਆਗੂ ਆਂਗ ਸਾਂ ਸੂ ਕੀ ਨੂੰ ਰਿਹਾਅ ਕਰਨ ਤੇ ਲੋਕਤੰਤਰ ਨੂੰ ਬਹਾਲ ਕਰਨ ਦੀ ਮੰਗ ਕਰਦੇ ਹੋਏ ਸੜਕਾਂ ’ਤੇ ਨਿਕਲੇ। ਮਾਂਡਲੇ ਤੇ ਹੋਰ ਸ਼ਹਿਰਾਂ ਵਿੱਚ ਵੀ ਪ੍ਰਦਰਸ਼ਨਕਾਰੀ ਇਕੱਤਰ ਹੋਏ। ਇਸ ਤੋਂ ਪਹਿਲਾਂ ਪੁਲੀਸ ਨੇ ਕਈ ਜਗ੍ਹਾ ਛਾਪੇ ਮਾਰੇ ਅਤੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਸਨ। ਯੈਂਗੋਨ ਵਿੱਚ ਸੈਨਾ ਦੀ ਨਿਵੇਸ਼ ਸ਼ਾਖਾ ਮਿਆਂਮਾਰ ਇਕਨੌਮਿਕ ਹੋਲਡਿੰਗ ਲਿਮਿਟਡ ਦੀਆਂ ਕੁਝ ਦੁਕਾਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਕੇਰਨ ਪ੍ਰਾਂਤ ਦੇ ਕਈ ਇਲਾਕਿਆਂ ਵਿੱਚ ਸ਼ਨਿਚਰਵਾਰ ਤੋਂ ਦਰਜਨਾਂ ਨਾਗਰਿਕਾਂ ਦੇ ਮਾਰੇ ਜਾਣ ਅਤੇ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਬੇਘਰ ਹੋਣ ਦੀ ਸੂਚਨਾ ਮਿਲੀ ਹੈ। ਇਲਾਕੇ ਵਿੱਚ ਰਾਹਤ ਕਾਰਜ ਚਲਾਉਣ ਵਾਲੀ ਸੰਸਥਾ ‘ਫ੍ਰੀ ਬਰਮਾ ਰੇਂਜਰਜ਼’ ਨੇ ਇਸ ਬਾਰੇ ਦੱਸਿਆ।
ਉੱਧਰ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ. ਤਿਰੁਮੂਰਤੀ ਨੇ ਟਵੀਟ ਕੀਤਾ ਕਿ ਮੀਟਿੰਗ ’ਚ ਉਨ੍ਹਾਂ ‘‘ਹਿੰਸਾ ਦੀ ਨਿੰਦਾ ਕੀਤੀ, ਲੋਕਾਂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਹਿਰਾਸਤ ਵਿੱਚ ਲਏ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ -ਪੀਟੀਆਈ
ਮਿਆਂਮਾਰ ਦੇ ਸ਼ਰਨਾਰਥੀਆਂ ਦਾ ਸੰਕਟ ਵਧਿਆ: ਬਰਗਨਰ
ਸੰਯੁਕਤ ਰਾਸ਼ਟਰ: ਮਿਆਂਮਾਰ ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਾਜਦੂਤ ਕ੍ਰਿਸਟਿਨ ਸਕਰੇਨਰ ਬਰਗਨਰ ਨੇ ਬੁੱਧਵਾਰ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚ ਗ੍ਰਹਿ ਯੁੱਧ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੋਂ ਲੋਕਤੰਤਰ ਬਹਾਲ ਕਰਨ ਲਈ ਕੋਈ ਠੋਸ ਕਾਰਵਾਈ ਦੀ ਸੰਭਾਵਨਾ ’ਤੇ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮਿਆਂਮਾਰ ਦੇ ਸ਼ਰਨਾਰਥੀਆਂ ਦਾ ਭਾਰਤ, ਥਾਈਲੈਂਡ ਦੀਆਂ ਸਰਹੱਦਾਂ ਅਤੇ ਹੋਰ ਥਾਵਾਂ ’ਤੇ ਦਾਖ਼ਲਾ ਇਕ ਗਲਤ ਸੰਕੇਤ ਹੈ ਅਤੇ ਇਹ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਸ ਦਾ ਖੇਤਰੀ ਸੁਰੱਖਿਆ ਤੇ ਆਰਥਿਕ ਸਥਿਤੀ ’ਤੇ ਮਾੜਾ ਅਸਰ ਪਵੇਗਾ। ਖੇਤਰ ਦਾ ਕੋਈ ਵੀ ਦੇਸ਼ ਇਹ ਨਹੀਂ ਚਾਹੇਗਾ ਕਿ ਉਸ ਦਾ ਗੁਆਂਢੀ ਇਕ ‘ਅਸਫ਼ਲ ਰਾਜ’ ਹੋਵੇ। ਉਨ੍ਹਾਂ ਕੌਂਸਲ ਨੂੰ ਦੱਸਿਆ ਕਿ ਉਹ ਜਲਦੀ ਹੀ ਖੇਤਰ ਦਾ ਦੌਰਾ ਕਰਨਾ ਚਾਹੁੰਦੀ ਹੈ, ਸੰਭਾਵੀ ਤੌਰ ’ਤੇ ਅਗਲੇ ਹਫ਼ਤੇ ਉੱਥੇ ਜਾ ਸਕੇਗੀ। ਉਨ੍ਹਾਂ ਕਿਹਾ ਕਿ ‘ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਐਸੋਸੀਏਸ਼ਨ’ ਨਾਲ ਉਨ੍ਹਾਂ ਦੀ ਗੱਲਬਾਤ ਜਾਰੀ ਹੈ। -ਪੀਟੀਆਈ