ਸੰਯੁਕਤ ਰਾਸ਼ਟਰ, 11 ਮਾਰਚ
ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਨੇ ਮਿਆਂਮਾਰ ’ਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਖ਼ਿਲਾਫ਼ ਢਾਹੇ ਜਾ ਰਹੇ ਜਬਰ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਫ਼ੌਜ ਨੂੰ ਸੰਜਮ ਵਰਤਣ ਲਈ ਆਖਦਿਆਂ ਹਿਰਾਸਤ ’ਚ ਲਏ ਗਏ ਸਾਰੇ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ ਹੈ। ਸਲਾਮਤੀ ਪਰਿਸ਼ਦ ਨੇ ਦੱਖਣ-ਪੂਰਬੀ ਏਸ਼ਿਆਈ ਮੁਲਕ ’ਚ ਜਮਹੂਰੀਅਤ ਦੀ ਬਹਾਲੀ ’ਤੇ ਵੀ ਜ਼ੋਰ ਦਿੱਤਾ ਹੈ। ਪਰਿਸ਼ਦ ਨੇ ਸਰਬਸੰਮਤੀ ਨਾਲ ਮਿਆਂਮਾਰ ਬਾਰੇ ਬਿਆਨ ਜਾਰੀ ਕਰਦਿਆਂ ਉਥੋਂ ਦੇ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸਲਾਮਤੀ ਪਰਿਸ਼ਦ ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਸਮੇਤ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹਿੰਸਾ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਮੈਡੀਕਲ ਕਰਮੀਆਂ, ਪੱਤਰਕਾਰਾਂ, ਆਮ ਨਾਗਰਿਕਾਂ ਅਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਲਾਈਆਂ ਗਈਆਂ ਪਾਬੰਦੀਆਂ ’ਤੇ ਚਿੰਤਾ ਜਤਾਉਂਦਿਆਂ ਸਾਰੇ ਬੰਦੀਆਂ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ ਹੈ। ਪਰਿਸ਼ਦ ਦੀ ਪ੍ਰਧਾਨ ਲਿੰਡਾ ਥੌਮਸ-ਗ੍ਰੀਨਫੀਲਡ ਨੇ ਕਿਹਾ ਕਿ ਹਰੇਕ ਮੁਲਕ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹਿੰਸਾ ਲਈ ਇਕ ਸੁਰ ’ਚ ਨਿਖੇਧੀ ਕੀਤੀ ਹੈ। ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫ਼ੀਰ ਗ੍ਰੀਨਫੀਲਡ ਨੇ ਕਿਹਾ ਕਿ ਅਮਰੀਕਾ ਜਮਹੂਰੀ ਢੰਗ ਨਾਲ ਚੁਣੀ ਗਈ ਸਰਕਾਰ ਦੀ ਬਹਾਲੀ ਲਈ ਕੰਮ ਕਰੇਗਾ ਅਤੇ ਹਿੰਸਾ ਲਈ ਜ਼ਿੰਮੇਵਾਰ ਤਾਕਤਾਂ ਦੀ ਜਵਾਬਦੇਹੀ ਤੈਅ ਕਰੇਗਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਸਲਾਮਤੀ ਪਰਿਸ਼ਦ ਦੀ ਪ੍ਰਧਾਨ ਦੇ ਬਿਆਨ ਨਾਲ ਮਿਆਂਮਾਰ ’ਚ ਫ਼ੌਜ ਨਰਮ ਪਵੇਗੀ ਅਤੇ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰੇਗੀ। -ਏਪੀ
ਐਮਨੈਸਟੀ ਇੰਟਰਨੈਸ਼ਨਲ ਵੱਲੋਂ ਫ਼ੌਜ ਦੀ ਨਿਖੇਧੀ
ਐਮਨੈਸਟੀ ਇੰਟਰਨੈਸ਼ਨਲ ਨੇ ਮਿਆਂਮਾਰ ਦੀ ਫ਼ੌਜੀ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਜੰਗ ’ਚ ਵਰਤੇ ਜਾਣ ਵਾਲੇ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 50 ਵੀਡੀਓਜ਼ ਦੀ ਪੜਤਾਲ ਮਗਰੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਿਆਂਮਾਰ ਫ਼ੌਜ ਰਣਨੀਤੀ ਬਣਾ ਕੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਘਾਤਕ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ ਜਿਸ ਕਾਰਨ ਹੁਣ ਤੱਕ 60 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਚੀਫ਼ ਕਮਾਂਡਰ ਦੇ ਦੋ ਰਿਸ਼ਤੇਦਾਰਾਂ ’ਤੇ ਅਮਰੀਕਾ ਵੱਲੋਂ ਪਾਬੰਦੀਆਂ
ਅਮਰੀਕਾ ਨੇ ਮਿਆਂਮਾਰ ਦੇ ਕਮਾਂਡਰ ਇਨ ਚੀਫ਼ ਜਨਰਲ ਮਿਨ ਆਂਗ ਹਲੈਂਗ ਦੇ ਦੋ ਬੱਚਿਆਂ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬਿਆਨ ’ਚ ਕਿਹਾ ਕਿ ਮਿਆਂਮਾਰ ’ਚ ਤਖ਼ਤਾ ਪਲਟਣ ਵਾਲੇ ਫ਼ੌਜੀ ਅਧਿਕਾਰੀਆਂ ਨੂੰ ਅਮਰੀਕਾ ਤੋਂ ਲਾਹਾ ਨਹੀਂ ਲੈਣ ਦਿੱਤਾ ਜਾਵੇਗਾ।