ਇੰਫਾਲ: ਮਿਆਂਮਾਰ ਸਰਕਾਰ ਨੇ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਜਥੇਬੰਦੀ ਨਾਲ ਸਬੰਧਿਤ ਮਨੀਪੁਰ ਦੇ ਪੰਜ ਵਿਦਰੋਹੀਆਂ ਨੂੰ ਭਾਰਤ ਡਿਪੋਰਟ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਰੋਹੀਆਂ ਨੂੰ ਬੁੱਧਵਾਰ ਨੂੰ ਭਾਰਤੀ ਹਵਾਈ ਫ਼ੌਜ ਦੀ ਵਿਸ਼ੇਸ਼ ਉਡਾਣ ਰਾਹੀਂ ਇੱਥੇ ਬੀਰ ਟਿਕੇਂਦਰਜੀਤ ਕੌਮਾਂਤਰੀ ਹਵਾਈ ਅੱਡੇ ’ਤੇ ਲਿਆਂਦਾ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਦਰੋਹੀਆਂ ਦੀ ਪਛਾਣ ਸਲਮਾਨ ਸੋਮੇਂਦਰੋ ਉਰਫ਼ ਦੇਵਾਨੀ, ਕਲਾਸਨਾ ਉਰਫ਼ ਕੋਇਰੇਂਗ, ਨੌਂਗਮੈਥਮ ਨਰੇਂਦਰ ਉਰਫ਼ ਨੋਰਾ ਉਰਫ਼ ਬਾਨਰ, ਤਾਓਰੇਮ ਰੋਹੇਨ ਉਰਫ਼ ਅੰਗਮ ਅਤੇ ਲੋਇਟੋਬਾਮ ਰਾਜਕੁਮਾਰ ਉਰਫ਼ ਅਬੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੇਵਾਨੀ ਉਕਤ ਦਹਿਸ਼ਤਗਰਦ ਜਥੇਬੰਦੀ ਦਾ ਆਪੂੰ ਬਣਿਆ ਕਪਤਾਨ ਹੈ। ਉਨ੍ਹਾਂ ਮੁਤਾਬਕ ਗ੍ਰਿਫ਼ਤਾਰ ਵਿਦਰੋਹੀ ਮਨੀਪੁਰ ਪੁਲੀਸ ਦੀ ਹਿਰਾਸਤ ਵਿੱਚ ਹਨ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਪਿਛਲੇ ਵਰ੍ਹੇ ਦੇਸ਼ ਦੇ ਉੱਤਰ-ਪੱਛਮੀ ਇਲਾਕੇ ਵਿੱਚ ਮੌਨੀਵਾ ਵਿੱਚ ਚਿੰਦਵਿਨ ਨਦੀ ਦੇ ਪੁਲ ਤੋਂ ਫੜਿਆ ਗਿਆ ਸੀ। -ਪੀਟੀਆਈ