ਯੈਂਗੋਨ, 2 ਫਰਵਰੀ
ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਂ ਸੂ ਕੀ ਜੋ ਕਿ ਪੰਜ ਦਹਾਕਿਆਂ ਦੇ ਫ਼ੌਜੀ ਸ਼ਾਸਨ ਤੋਂ ਬਾਅਦ 2016 ਵਿਚ ਮਿਆਂਮਾਰ ਦੀ ਆਗੂ ਬਣੀ ਸੀ, ਨੇ ਕਈ ਵਾਰ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਫ਼ੌਜ ਤਖ਼ਤਾ ਪਲਟ ਕਰ ਸਕਦੀ ਹੈ। ਉਸ ਨੇ ਕਿਹਾ ਸੀ ਕਿ ਮੁਲਕ ਵਿਚ ਲੋਕਤੰਤਰਿਕ ਸੁਧਾਰ ਤਾਂ ਹੀ ਸਫ਼ਲ ਹੋਣਗੇ ਜੇਕਰ ਤਾਕਤਵਰ ਫ਼ੌਜ ਤਬਦੀਲੀਆਂ ਨੂੰ ਸਵੀਕਾਰ ਕਰਦੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਮਿਆਂਮਾਰ ਵਿਚ ਫ਼ੌਜ ਨੇ ਤਖ਼ਤਾ ਪਲਟ ਦਿੱਤਾ ਹੈ ਤੇ ਸੂ ਕੀ ਸਣੇ ਕਈ ਸਿਆਸੀ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਫ਼ੌਜ ਨੇ ਕਿਹਾ ਹੈ ਕਿ ਉਹ ਇਕ ਸਾਲ ਲਈ ਐਮਰਜੈਂਸੀ ਲਾ ਕੇ ਸ਼ਾਸਨ ਕਰੇਗੀ। ਫ਼ੌਜ ਨੇ 2010 ਵਿਚ ਮੁਲਕ ਵਿਚ ਚੋਣਾਂ ਦੀ ਇਜਾਜ਼ਤ ਦਿੱਤੀ ਸੀ ਤੇ ਸੂ ਕੀ ਦੀ ਪਾਰਟੀ ‘ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ’ ਨੇ ਸੱਤਾ ਸੰਭਾਲੀ ਸੀ। ਮਿਆਂਮਾਰ ਦੇ ਸੈਂਕੜੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੀਆਂ ਸਰਕਾਰੀ ਰਿਹਾਇਸ਼ਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੇ ਫ਼ੌਜ ਬਾਹਰ ਪਹਿਰਾ ਦੇ ਰਹੀ ਹੈ।
-ਏਪੀ
ਬਾਇਡਨ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਲਈ ਪਰਖ਼ ਦੀ ਘੜੀ
ਵਾਸ਼ਿੰਗਟਨ: ਮਿਆਂਮਾਰ ਵਿਚ ਤਖ਼ਤਾ ਪਲਟ ਤੇ ਰੂਸ ਵਿਚ ਲੋਕ ਰੋਹ ਨੂੰ ਦੱਬਣ ਦੇ ਹੋ ਰਹੇ ਯਤਨ ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਵਿਦੇਸ਼ ਨੀਤੀ ਲਈ ਪਰਖ਼ ਦੀ ਘੜੀ ਹੈ। ਬਾਇਡਨ ਪ੍ਰਸ਼ਾਸਨ ਅਮਰੀਕਾ ਨੂੰ ਵਿਸ਼ਵ ਵਿਆਪੀ ਲੋਕਤੰਤਰ ਪੱਖੀ ਆਗੂ ਵੱਜੋਂ ਸਥਾਪਿਤ ਕਰਨ ਦੇ ਭਰਪੂਰ ਯਤਨ ਕਰ ਰਿਹਾ ਹੈ। ਮਿਆਂਮਾਰ ਤੇ ਰੂਸ ਵਿਚ ਸਥਿਰਤਾ ਲਈ ਕਈ ਯਤਨ ਕਰਨ ਵਾਲੇ ਅਮਰੀਕਾ ਨੂੰ ਫ਼ਿਕਰ ਹੈ ਕਿ ਇਸ ਉਥਲ-ਪੁਥਲ ਨਾਲ ਦੁਨੀਆ ਵਿਚ ਤਾਕਤ ਦਾ ਤਵਾਜ਼ਨ ਵਿਗੜ ਸਕਦਾ ਹੈ। ਚੀਨ ਦੇ ਹੱਥ ਵੀ ਮਜ਼ਬੂਤ ਹੋ ਸਕਦੇ ਹਨ।
ਆਲਮੀ ਭਾਈਚਾਰਾ ਸਥਿਰਤਾ ਤੇ ਸ਼ਾਂਤੀ ਕਾਇਮੀ ਲਈ ਯਤਨ ਕਰੇ: ਚੀਨ
ਪੇਈਚਿੰਗ: ਮਿਆਂਮਾਰ ਮਸਲੇ ’ਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਬੈਠਕ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਆਲਮੀ ਭਾਈਚਾਰੇ ਦੇ ਸਾਰੇ ਯਤਨ ਮੁਲਕ ਵਿਚ ਸਿਆਸੀ ਸਥਿਰਤਾ, ਸ਼ਾਂਤੀ ਅਤੇ ਦੋਵਾਂ ਧਿਰਾਂ ਵਿਚਾਲੇ ਸਹਿਯੋਗ ਮੁੜ ਕਾਇਮ ਕਰਨ ਵਾਲੇ ਹੋਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਚੀਨ ਦੇ ਮਿਆਂਮਾਰ ਦੀ ਫ਼ੌਜ ਤੇ ਸੂ ਕੀ ਨਾਲ ਰਿਸ਼ਤੇ ਕਾਫ਼ੀ ਨੇੜਲੇ ਹਨ।