ਸਾਂ ਫਰਾਂਸਿਸਕੋ, 23 ਜੁਲਾਈ
ਅਰਬਪਤੀ ਕਾਰੋਬਾਰੀ ਐਲਨ ਮਸਕ ਵੱਲੋਂ ਚਲਾਈ ਜਾ ਰਹੀ ਪੁਲਾੜ ਕੰਪਨੀ ਸਪੇਸਐਕਸ ਨੇ ਆਪਣੀ ਦੂਜੀ ਕੋਸ਼ਿਸ਼ ਦੌਰਾਨ ਪੁਲਾੜ ਵਿੱਚ 46 ਸਟਾਰਲਿੰਕ ਸੈਟੇਲਾਈਟਾਂ ਨੂੰ ਪ੍ਰਿਥਵੀ ਦੇ ਪੰਧ ਵਿੱਚ ਸਥਾਪਤ ਕਰਕੇ ਇੱਕ ਨਵਾਂ ਰਿਕਾਰਡ ਬਣਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮਸਕ ਨੇ ਟਵਿੱਟਰ ’ਤੇ ਸਪੇਸਐਕਸ ਦੀ ਟੀਮ ਨੂੰ ਰਿਕਾਰਡ ਗਿਣਤੀ ਵਿੱਚ ਸੈਟੇਲਾਈਟ ਲਾਂਚ ਕਰਨ ਦੀ ਵਧਾਈ ਦਿੱਤੀ ਹੈ। ਸਪੇਸਐਕਸ ਨੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘‘46 ਸਟਾਰਲਿੰਕ ਸੈਟੇਲਾਈਟਾਂ ਦੇ ਸਥਾਪਤ ਹੋਣ ਦੀ ਪੁਸ਼ਟੀ ਹੋਈ… ਸਪੇਸਐਕਸ 2022 ਦਾ ਆਪਣਾ 32ਵਾਂ ਮਿਸ਼ਨ ਪੂਰਾ ਕਰ ਰਿਹਾ ਹੈ।’’ ਸਪੇਸ ਡੌਟ ਕੌਮ ਅਨੁਸਾਰ ਕੈਲੇਫੋਰਨੀਆ ਦੇ ਵੈਂਡੇਨਬਰਗ ਪੁਲਾੜ ਕੇਂਦਰ ਤੋਂ ਵੀਰਵਾਰ ਨੂੰ ਲਾਂਚ ਹੋਇਆ ਦੋ ਪੜਾਵੀ ਵਾਲਕਨ 9 ਰਾਕੇਟ ਸ਼ੁੱਕਰਵਾਰ ਨੂੰ ਪੁਲਾੜ ਵਿੱਚ ਸਫ਼ਲਤਾਪੂਰਵਕ ਸਥਾਪਤ ਹੋ ਗਿਆ ਹੈ। -ਆਈਏਐੱਨਐੱਸ