ਨਿਊਯਾਰਕ, 28 ਅਕਤੂਬਰ
ਅਰਬਪਤੀ ਅਤੇ ਟੈਸਲਾ ਦੇ ਸੀਈਓ ਐਲਨ ਮਸਕ (51) ਨੇ 44 ਅਰਬ ਡਾਲਰ ’ਚ ਟਵਿੱਟਰ ਖ਼ਰੀਦਣ ਮਗਰੋਂ ਸੋਸ਼ਲ ਮੀਡੀਆ ਕੰਪਨੀ ਦੇ ਸੀਈਓ ਪਰਾਗ ਅਗਰਵਾਲ ਅਤੇ ਲੀਗਲ ਐਗਜ਼ੀਕਿਊਟਿਵ ਵਿਜਯਾ ਗਾਡੇ ਸਮੇਤ ਚਾਰ ਸਿਖਰਲੇ ਅਧਿਕਾਰੀਆਂ ਨੂੰ ਕੱਢ ਦਿੱਤਾ ਹੈ। ਮਸਕ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ,‘‘ਚਿੜੀ ਆਜ਼ਾਦ ਹੋ ਗਈ ਹੈ।’’ ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਵੀਰਵਾਰ ਨੂੰ ਟਵਿੱਟਰ ਖ਼ਰੀਦਣ ਦਾ ਸੌਦਾ ਪੂਰਾ ਕੀਤਾ। ਸਥਿਤੀ ’ਤੇ ਨਜ਼ਰ ਰੱਖਣ ਵਾਲੇ ਲੋਕਾਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਸਕ ਨੇ ਚਾਰ ਸਿਖਰਲੇ ਅਧਿਕਾਰੀਆਂ ਨੂੰ ਹਟਾ ਕੇ ਟਵਿੱਟਰ ’ਚ ਸਫ਼ਾਈ ਦੀ ਮੁਹਿੰਮ ਆਰੰਭ ਦਿੱਤੀ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ’ਚ ਅਗਰਵਾਲ ਅਤੇ ਗਾਡੇ ਸਮੇਤ ਮੁੱਖ ਵਿੱਤੀ ਅਧਿਕਾਰੀ ਨੈੱਡ ਸੇਗਲ ਅਤੇ ਜਨਰਲ ਕੌਂਸਲ ਸੀਨ ਐਜੇਟ ਸ਼ਾਮਲ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਅਧਿਕਾਰੀ ਨੂੰ ਟਵਿੱਟਰ ਦੇ ਦਫ਼ਤਰ ਤੋਂ ਬਾਹਰ ਕੱਢਿਆ ਗਿਆ ਹੈ। ਸੀਐੱਨਐੱਨ ਨੇ ਕਿਹਾ ਕਿ ਇਹ ਸੌਦਾ ਪੂਰਾ ਹੋਣ ਨਾਲ ਟਵਿੱਟਰ ਦੇ ਕਾਰੋਬਾਰ, ਉਸ ਦੇ ਮੁਲਾਜ਼ਮਾਂ ਅਤੇ ਸ਼ੇਅਰਧਾਰਕਾਂ ਵਿਚਕਾਰ ਪਿਛਲੇ ਇਕ ਸਾਲ ਤੋਂ ਬਣੇ ਬੇਯਕੀਨੀ ਦੇ ਹਾਲਾਤ ਖ਼ਤਮ ਹੋ ਗਏ ਹਨ। ਅਪਰੈਲ ’ਚ ਕੰਪਨੀ ਖ਼ਰੀਦਣ ਦੀ ਸਹਿਮਤੀ ਦੇਣ ਮਗਰੋਂ ਮਸਕ ਨੇ ਸੌਦੇ ਤੋਂ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਪਰਾਗ ਅਗਰਵਾਲ (38) ਨੂੰ ਪਿਛਲੇ ਸਾਲ ਨਵੰਬਰ ’ਚ ਕੰਪਨੀ ਦੇ ਸਹਿ-ਸੰਸਥਾਪਕ ਜੈਕ ਡੋਰਸੀ ਦੇ ਅਸਤੀਫ਼ੇ ਮਗਰੋਂ ਟਵਿੱਟਰ ਦਾ ਸੀਈਓ ਨਿਯੁਕਤ ਕੀਤਾ ਗਿਆ ਸੀ। ਆਈਆਈਟੀ ਬੰਬੇ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਚੁੱਕੇ ਅਗਰਵਾਲ ਨੇ ਇਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਟਵਿੱਟਰ ’ਚ ਨੌਕਰੀ ਸ਼ੁਰੂ ਕੀਤੀ ਸੀ। ਉਸ ਸਮੇਂ ਕੰਪਨੀ ’ਚ ਇਕ ਹਜ਼ਾਰ ਤੋਂ ਵੀ ਘੱਟ ਮੁਲਾਜ਼ਮ ਹੁੰਦੇ ਸਨ। ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਟਵਿੱਟਰ ਦੇ ਸੀਈਓ ਨਿਯੁਕਤ ਕੀਤੇ ਗਏ ਅਗਰਵਾਲ ਦੀ ਮਸਕ ਨਾਲ ਜਨਤਕ ਅਤੇ ਨਿੱਜੀ ਤੌਰ ’ਤੇ ਤੂੰ-ਤੂੰ, ਮੈਂ-ਮੈਂ ਹੋਈ ਸੀ। ਮਸਕ ਨੇ ਆਨਲਾਈਨ ਸਮੱਗਰੀ ਦੀ ਨਿਗਰਾਨੀ ਸਬੰਧੀ ਪ੍ਰਕਿਰਿਆ ਨੂੰ ਲੈ ਕੇ ਕੀਤੇ ਗਏ ਫ਼ੈਸਲਿਆਂ ਦੇ ਮਾਮਲੇ ’ਚ ਗਾਡੇ ਦੀ ਭੂਮਿਕਾ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਸੀ। ਪਿਛਲੇ ਸਾਲ ਜਨਵਰੀ ’ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਟਵਿੱਟਰ ਖ਼ਾਤਾ ਪੱਕੇ ਤੌਰ ’ਤੇ ਮੁਅੱਤਲ ਕਰਨ ਦੇ ਮਾਮਲੇ ’ਚ ਹੈਦਰਾਬਾਦ ’ਚ ਜਨਮੇ ਗਾਡੇ ਸੁਰਖੀਆਂ ’ਚ ਆਏ ਸਨ। ਟਵਿੱਟਰ ਦੇ ਸਹਿ-ਸੰਸਥਾਪਕ ਬਿਜ਼ ਸਟੋਨ ਨੇ ਪਰਾਗ ਅਗਰਵਾਲ, ਨੈੱਡ ਸੇਗਲ ਅਤੇ ਵਿਜਯਾ ਗਾਡੇ ਵੱਲੋਂ ਕੰਪਨੀ ’ਚ ਦਿੱਤੇ ਯੋਗਦਾਨ ਲਈ ਧੰਨਵਾਦ ਕਰਦਿਆਂ ਟਵੀਟ ਕੀਤਾ ਕਿ ਉਹ ਪ੍ਰਤਿਭਾਸ਼ਾਲੀ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਹਨ। ਜ਼ਿਕਰਯੋਗ ਹੈ ਕਿ ਮਸਕ ਬੁੱਧਵਾਰ ਨੂੰ ਸਾਂ ਫਰਾਂਸਿਕੋ ’ਚ ਟਵਿੱਟਰ ਦੇ ਹੈੱਡਕੁਆਰਟਰ ’ਤੇ ਸਿੰਕ (ਵਾਸ਼ ਬੇਸਿਨ) ਲੈ ਕੇ ਪਹੁੰਚ ਗਏ ਸਨ। ਉਨ੍ਹਾਂ ਟਵਿੱਟਰ ’ਤੇ ਆਪਣਾ ਬਿਉਰਾ ਵੀ ਬਦਲ ਕੇ ‘ਚੀਫ਼ ਟਵੀਟ’ ਕਰ ਦਿੱਤਾ ਹੈ। ਉਂਜ ਮਸਕ ਨੇ ਪਹਿਲਾਂ ਕੰਪਨੀ ’ਤੇ ਸਪੈਮ ਅਤੇ ਫਰਜ਼ੀ ਖ਼ਾਤਿਆਂ ਦੀ ਗਿਣਤੀ ਨਸ਼ਰ ਨਾ ਕਰਨ ’ਤੇ ਸੌਦੇ ’ਚੋਂ ਬਾਹਰ ਆਉਣ ਦਾ ਇਰਾਦਾ ਪ੍ਰਗਟਾਇਆ ਸੀ ਪਰ ਟਵਿੱਟਰ ਵੱਲੋਂ ਕੇਸ ਕੀਤੇ ਜਾਣ ਮਗਰੋਂ ਉਹ ਕੰਪਨੀ ਨੂੰ ਖ਼ਰੀਦਣ ਲਈ ਰਾਜ਼ੀ ਹੋ ਗਿਆ ਸੀ। -ਪੀਟੀਆਈ
ਟਵਿੱਟਰ ਦਬਾਅ ’ਚ ਆ ਕੇ ਵਿਰੋਧੀ ਧਿਰ ਦੀ ਆਵਾਜ਼ ਨਹੀਂ ਦਬਾਏਗਾ: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ਦੇ ਨਵੇਂ ਮਾਲਕ ਬਣਨ ’ਤੇ ਐਲਨ ਮਸਕ ਨੂੰ ਵਧਾਈ ਦਿੱਤੀ ਤੇ ਉਮੀਦ ਜ਼ਾਹਿਰ ਕੀਤੀ ਕਿ ਹੁਣ ਟਵਿੱਟਰ ਨਫਰਤ ਭਰੇ ਭਾਸ਼ਣਾਂ ਖ਼ਿਲਾਫ਼ ਕਾਰਵਾਈ ਕਰੇਗਾ ਅਤੇ ਭਾਰਤ ’ਚ ਸਰਕਾਰ ਦੇ ਦਬਾਅ ਹੇਠ ਆ ਕੇ ਵਿਰੋਧੀ ਧਿਰ ਦੀ ਆਵਾਜ਼ ਨਹੀਂ ਦਬਾਏਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ’ਚ ਦਿੱਲੀ ’ਚ ਦਲਿਤ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ’ਚ ਉਸ ਦੇ ਪਰਿਵਾਰਕ ਮੈਂਬਰਾਂ ਦੀ ਤਸਵੀਰ ਸਾਂਝੀ ਕਰਨ ਨੂੰ ਲੈ ਕੇ ਰਾਹੁਲ ਗਾਂਧੀ ਦਾ ਟਵਿੱਟਰ ਖਾਤਾ ਕੁਝ ਦਿਨਾਂ ਲਈ ‘ਲੌਕ’ ਹੋ ਗਿਆ ਸੀ ਤੇ ਨਾਲ ਹੀ ਟਵਿੱਟਰ ਨੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਟਵੀਟ ਕੀਤਾ, ‘ਐਲਨ ਮਸਕ ਨੂੰ ਵਧਾਈ। ਮੈਂ ਉਮੀਦ ਕਰਦਾ ਹਾਂ ਕਿ ਟਵਿੱਟਰ ਹੁਣ ਨਫਰਤ ਭਰੇ ਭਾਸ਼ਣਾਂ ਖ਼ਿਲਾਫ਼ ਕਾਰਵਾਈ ਕਰੇਗਾ ਅਤੇ ਭਾਰਤ ’ਚ ਸਰਕਾਰ ਦੇ ਦਬਾਅ ਹੇਠ ਆ ਕੇ ਵਿਰੋਧੀ ਧਿਰ ਦੀ ਆਵਾਜ਼ ਨਹੀਂ ਦਬਾਏਗਾ।’ -ਪੀਟੀਆਈ