ਵਾਸ਼ਿੰਗਟਨ, 20 ਜੂਨ
26/11 ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤਹੱਵੁਰ ਰਾਣਾ(59) ਨੂੰ ਲਾਸ ਏਂਜਲਸ ਵਿੱਚ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਨੂੰ ਭਾਰਤ ਦੀ ਅਪੀਲ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤ ਨੇ 2008 ਮੁੰਬਈ ਹਮਲੇ, ਜਿਸ ਵਿੱਚ 166 ਵਿਅਕਤੀ ਮਾਰੇ ਗਏ ਸਨ, ਵਿੱਚ ਤਹੱਵੁਰ ਰਾਣਾ ਦੀ ਸ਼ਮੂਲੀਅਤ ਦੇ ਚਲਦਿਆਂ ਉਸ ਨੂੰ ਭਾਰਤ ਦੇ ਸਪੁਰਦ ਕੀਤੇ ਜਾਣ ਦੀ ਅਪੀਲ ਕੀਤੀ ਸੀ। ਡੇਵਿਡ ਕੋਲੇਮਨ ਹੈਡਲੀ ਦੇ ਬਚਪਨ ਦੇ ਦੋਸਤ ਰਾਣਾ ਨੂੰ ਅਜੇ ਪਿੱਛੇ ਜਿਹੇ ਤਰਸ ਦੇ ਅਧਾਰ ’ਤੇ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਸੀ। ਉਸ ਨੇ ਅਮਰੀਕੀ ਅਦਾਲਤ ਵਿੱਚ ਕਰੋਨਾ ਪਾਜ਼ੇਟਿਵ ਹੋਣ ਦੀ ਦੁਹਾਈ ਦਿੱਤੀ ਸੀ। ਰਾਣਾ ਖ਼ਿਲਾਫ਼ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਕੋਰਟ ਨੇ 28 ਅਗਸਤ 2018 ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਪਾਕਿਸਤਾਨ ਵਿਚ ਜਨਮੇ ਰਾਣਾ ਨੂੰ ਮੁੰਬਈ ਹਮਲਿਆਂ ਦੇ ਸਬੰਧ ਵਿੱਚ ਅਮਰੀਕਾ ਵਿੱਚ ਇਕ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਸੀ।