ਲੰਡਨ, 17 ਜਨਵਰੀ
ਬ੍ਰਿਟੇਨ ਪੁਲੀਸ ਵੱਲੋਂ ਅਮਰੀਕਾ ਦੇ ਟੈਕਸਸ ’ਚ ਯਹੂਦੀਆਂ ਦੇ ਪ੍ਰਾਰਥਨਾ ਸਥਾਨ ’ਚ ਲੋਕਾਂ ਨੂੰ ਬੰਧਕ ਬਣਾਉਣ ਦੀ ਘਟਨਾ ਦੀ ਜਾਂਚ ਲਈ ਦੋ ਅੱਲ੍ਹੜਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਨਾਗਰਿਕ ਮਲਿਕ ਫ਼ੈਸਲ ਅਕਰਮ ਦੀ ਮੌਤ ਨਾਲ ਇਸ ਕਾਂਡ ਦਾ ਨਬਿੇੜਾ ਹੋਇਆ ਸੀ। ਗ੍ਰੇਟਰ ਮੈਨਚੈਸਟਰ ਪੁਲੀਸ ਨੇ ਤਸਦੀਕੀ ਕੀਤੀ ਹੈ ਕਿ ਸ਼ੱਕੀ ਅਕਰਮ ਨੂੰ ਐੱਫਬੀਆਈ ਨੇ ਗੋਲੀ ਮਾਰੀ ਸੀ ਅਤੇ ਉਹ ਮੂਲ ਰੂਪ ਨਾਲ ਉੱਤਰ ਪੱਛਮੀ ਇੰਗਲੈਂਡ ’ਚ ਲੰਕਾਸ਼ਾਇਰ ਦੇ ਬਲੈਕਬਰਨ ਦਾ ਵਸਨੀਕ ਸੀ। ਉਹ ਪਾਕਿਸਤਾਨੀ ਨਿਊਰੋ ਸਾਇੰਟਿਸਟ ਆਫ਼ੀਆ ਸਿੱਦੀਕੀ ਦੀ ਰਿਹਾਈ ਦੀ ਮੰਗ ਕਰ ਰਿਹਾ ਸੀ ਜਿਸ ਨੂੰ ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਦੇ ਅਧਿਕਾਰੀਆਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਟੈਕਸਸ ਦੇ ਫੋਰਟਵਰਥ ’ਚ 86 ਸਾਲ ਦੀ ਸਜ਼ਾ ਕੱਟ ਰਹੀ ਹੈ। ਇਸ ਮਾਮਲੇ ’ਚ ਦੋਵੇਂ ਅੱਲ੍ਹੜਾਂ ਨੂੰ ਦੱਖਣੀ ਮੈਨਚੈਸਟਰ ’ਚ ਐਤਵਾਰ ਸ਼ਾਮ ਨੂੰ ਹਿਰਾਸਤ ’ਚ ਲਿਆ ਗਿਆ ਪਰ ਕਾਨੂੰਨੀ ਪੇਚਾਂ ਕਾਰਨ ਉਨ੍ਹਾਂ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਸਕਾਟਲੈਂਡ ਯਾਰਡ ਨੇ ਵੀ ਪੁਸ਼ਟੀ ਕੀਤੀ ਹੈ ਕਿ ਅਤਿਵਾਦ ਵਿਰੋਧੀ ਅਧਿਕਾਰੀ, ਅਮਰੀਕੀ ਅਧਿਕਾਰੀਆਂ ਅਤੇ ਐੱਫਬੀਆਈ ਦੇ ਸੰਪਰਕ ’ਚ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਘਟਨਾ ਨੂੰ ਅਤਿਵਾਦੀ ਕਾਰਾ ਦੱਸਿਆ ਹੈ। ਹਮਲੇ ਤੋਂ ਬਾਅਦ ਬ੍ਰਿਟੇਨ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਟਵੀਟ ਕਰਕੇ ਕਿਹਾ,‘‘ਮੇਰੀ ਹਮਦਰਦੀ ਯਹੂਦੀ ਫਿਰਕੇ ਅਤੇ ਉਨ੍ਹਾਂ ਲੋਕਾਂ ਪ੍ਰਤੀ ਹੈ ਜੋ ਟੈਕਸਸ ਦੀ ਭਿਆਨਕ ਘਟਨਾ ਨਾਲ ਪ੍ਰਭਾਵਿਤ ਹੋਏ ਹਨ। ਰਿਪੋਰਟਾਂ ਮੁਤਾਬਕ ਅਕਰਮ ਦੋ ਹਫ਼ਤੇ ਪਹਿਲਾਂ ਨਿਊਯਾਰਕ ਦੇ ਜੇਕੇਐੱਫ ਕੌਮਾਂਤਰੀ ਹਵਾਈ ਅੱਡੇ ਤੋਂ ਹੁੰਦਾ ਅਮਰੀਕਾ ਪਹੁੰਚਿਆ ਸੀ। ਅਕਰਮ ਦੇ ਭਰਾ ਗੁਲਬਰ ਨੇ ਬਲੈਕਬਰਨ ਮੁਸਲਿਮ ਕਮਿਊਨਿਟੀ ਫੇਸਬੁੱਕ ਪੇਜ ’ਤੇ ਇਕ ਬਿਆਨ ’ਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਸ ਨੇ ਪੀੜਤਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਸ ਦਾ ਭਰਾ ਮਾਨਸਿਕ ਸਿਹਤ ਨਾਲ ਸਬੰਧਤ ਸਮੱਸਿਆਵਾਂ ਨਾਲ ਪੀੜਤ ਸੀ। -ਪੀਟੀਆਈ