ਕੀਵ, 12 ਅਪਰੈਲ
ਰੂਸੀ ਸੈਨਾ ਵੱਲੋਂ ਯੂਕਰੇਨ ਦੀ ਦੱਖਣੀ ਬੰਦਰਗਾਹ ’ਤੇ ਸਥਿਤ ਸ਼ਹਿਰ ਮਾਰੀਓਪੋਲ ’ਚ ਪਿਛਲੇ ਛੇ ਹਫ਼ਤਿਆਂ ਤੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ’ਚ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਰੀਓਪੋਲ ਦੇ ਮੇਅਰ ਵਾਦਿਮ ਬਾਇਚੇਂਕੋ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇੰਨੇ ਖਰਾਬ ਹਨ ਕਿ ਸ਼ਹਿਰ ’ਚ ਲੋਕਾਂ ਦੀਆਂ ਲਾਸ਼ਾਂ ਸੜਕਾਂ ’ਤੇ ਵਿਛੀਆਂ ਪਈਆਂ ਹਨ। ਇਸੇ ਵਿਚਾਲੇ ਪੱਛਮੀ ਮੁਲਕਾਂ ਦਾ ਕਹਿਣਾ ਹੈ ਕਿ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਰੂਸੀ ਸੈਨਾ ਦਾ ਕਾਫ਼ਲਾ ਯੂਕਰੇਨ ਦੇ ਪੂਰਬੀ ਹਿੱਸੇ ਵੱਲ ਵੱਧ ਰਿਹਾ ਹੈ ਤੇ ਉੱਥੇ ਇੱਕ ਵੱਡਾ ਹਮਲਾ ਹੋਣ ਦਾ ਖਦਸ਼ਾ ਹੈ। ਮਾਰੀਓਪੋਲ ’ਚ ਪਿਛਲੇ ਛੇ ਹਫ਼ਤਿਆਂ ਦੌਰਾਨ ਸਭ ਤੋਂ ਭਿਆਨਕ ਹਮਲੇ ਹੋਏ ਹਨ ਅਤੇ ਇੱਥੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ