ਲਿਸਬਨ, 27 ਜੂਨ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਰਕਾਰਾਂ ਅਤੇ ਕੰਪਨੀਆਂ ਨੂੰ ਦੁਨੀਆ ਦੇ ਸੁੱਕਦੇ ਜਾ ਰਹੇ ਸਮੁੰਦਰ ਬਚਾਉਣ ਲਈ ਰਲ ਕੇ ਹੰਭਲਾ ਮਾਰਨ ਦਾ ਹੋਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੁੰਦਰਾਂ ਨੂੰ ਬਚਾਉਣ ਲਈ ਵਧੇਰੇ ਫੰਡਾਂ ਦੀ ਲੋੜ ਹੈ। ਇਥੇ ਸਮੁੰਦਰਾਂ ਬਾਰੇ ਸੰਯੁਕਤ ਰਾਸ਼ਟਰ ਦੀ ਕਾਨਫਰੰਸ ’ਚ ਕਈ ਮੁਲਕਾਂ ਦੇ ਮੁਖੀਆਂ ਸਮੇਤ ਵਿਗਿਆਨੀ ਅਤੇ ਐੱਨਜੀਓਜ਼ ਹਾਜ਼ਰ ਸਨ ਤਾਂ ਜੋ ਸਮੁੰਦਰੀ ਜੀਵਨ ਨੂੰ ਬਚਾਉਣ ਲਈ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਜਾ ਸਕਣ। ਗੁਟੇਰੇਜ਼ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘‘ਅਸੀਂ ਸਮੁੰਦਰਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਅੱਜ ਉਨ੍ਹਾਂ ਨੂੰ ਬਚਾਉਣ ਲਈ ਹੰਗਾਮੀ ਮੀਟਿੰਗ ਕਰਨੀ ਪੈ ਰਹੀ ਹੈ। ਸਾਨੂੰ ਹਾਲਾਤ ਬਦਲਣੇ ਪੈਣਗੇ।’’ ਉਨ੍ਹਾਂ ਕਿਹਾ ਕਿ ਅਜਿਹੇ ਕਾਰੋਬਾਰੀ ਮਾਡਲ ਤਿਆਰ ਕਰਨੇ ਪੈਣਗੇ ਜਿਨ੍ਹਾਂ ਨਾਲ ਸਮੁੰਦਰਾਂ ਤੋਂ ਜ਼ਿਆਦਾ ਭੋਜਨ ਅਤੇ ਵਧੇਰੇ ਨਵਿਆਉਣਯੋਗ ਊਰਜਾ ਪੈਦਾ ਕਰਨ ’ਚ ਸਹਾਇਤਾ ਮਿਲ ਸਕੇ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਵਾਤਾਵਰਨ ਬਦਲਾਅ ਕਾਰਨ ਸਮੁੰਦਰਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਹਰ ਸਾਲ 80 ਲੱਖ ਟਨ ਪਲਾਸਟਿਕ ਕਚਰਾ ਉਨ੍ਹਾਂ ’ਚ ਸੁੱਟਿਆ ਜਾ ਰਿਹਾ ਹੈ। ‘ਸਖ਼ਤ ਐਕਸ਼ਨ ਤੋਂ ਬਿਨਾਂ ਪਲਾਸਟਿਕ ਕਾਰਨ 2050 ਤੱਕ ਸਮੁੰਦਰਾਂ ’ਚੋਂ ਸਾਰੀਆਂ ਮੱਛੀਆਂ ਖ਼ਤਮ ਹੋ ਜਾਣਗੀਆਂ।’’ ਮਾਰਚ ’ਚ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕ ਸਮੁੰਦਰਾਂ ਦੀ ਰਾਖੀ ਸਬੰਧੀ ਸੰਧੀ ’ਤੇ ਸਹਿਮਤੀ ਬਣਾਉਣ ’ਚ ਨਾਕਾਮ ਰਹੇ ਸਨ। ਰਾਇਟਰਜ਼