ਸੇਂਟ ਪੀਟਰਜ਼ਬਰਗ (ਰੂਸ), 5 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਜ਼ਿੰਮੇਵਾਰ’ ਆਗੂ ਦੱਸਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੋਵੇਂ ਆਗੂ ਭਾਰਤ ਅਤੇ ਚੀਨ ਵਿਚਕਾਰਲੇ ਮਸਲਿਆਂ ਨੂੰ ਸੁਲਝਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਖਿੱਤੇ ਤੋਂ ਇਲਾਵਾ ਹੋਰ ਕਿਸੇ ਤਾਕਤ ਨੂੰ ਇਸ ਪ੍ਰਕਿਰਿਆ ਦੌਰਾਨ ਦਖ਼ਲ ਨਹੀਂ ਦੇਣਾ ਚਾਹੀਦਾ ਹੈ। ਰੂਸ ਵੱਲੋਂ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਵੱਲੋਂ ਬਣਾਏ ਗਏ ਕੁਆਡ ਗਰੁੱਪ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੇ ਜਾਣ ਬਾਰੇ ਪੂਤਿਨ ਨੇ ਕਿਹਾ ਕਿ ਮਾਸਕੋ ਨੇ ਇਸ ਦਾ ਮੁਲਾਂਕਣ ਨਹੀਂ ਕਰਨਾ ਹੈ ਕਿ ਕੋਈ ਮੁਲਕ ਹੋਰ ਮੁਲਕਾਂ ਨਾਲ ਆਪਣੇ ਸਬੰਧ ਕਿਥੋਂ ਤੱਕ ਸੁਧਾਰੇ ਪਰ ਮੁਲਕਾਂ ਨੂੰ ਕਿਸੇ ਇਕ ਖ਼ਿਲਾਫ਼ ਇਕਜੁੱਟ ਨਹੀਂ ਹੋਣਾ ਚਾਹੀਦਾ ਹੈ। ਪੂਤਿਨ ਨੇ ਕਿਹਾ ਕਿ ਰੂਸ ਦੇ ਭਾਰਤ ਅਤੇ ਚੀਨ ਨਾਲ ਸਬੰਧਾਂ ਨੂੰ ਲੈ ਕੇ ਕੋਈ ਮੱਤਭੇਦ ਨਹੀਂ ਹਨ। ਖ਼ਬਰ ਏਜੰਸੀ ਨਾਲ ਵਰਚੁਅਲ ਵਾਰਤਾ ਦੌਰਾਨ ਰੂਸੀ ਰਾਸ਼ਟਰਪਤੀ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਰੂਸ ਅਤੇ ਚੀਨ ਵਿਚਕਾਰ ਵਧ ਰਹੀ ਨੇੜਤਾ ਨਾਲ ਭਾਰਤ ਅਤੇ ਰੂਸ ਵਿਚਕਾਰ ਸੁਰੱਖਿਆ ਤੇ ਰੱਖਿਆ ਸਹਿਯੋਗ ਉਪਰ ਕੋਈ ਅਸਰ ਨਹੀਂ ਪਵੇਗਾ। ਪੂਤਿਨ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਸਬੰਧ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ ਜੋ ਭਰੋਸੇ ’ਤੇ ਆਧਾਰਿਤ ਹਨ। ਪੂਤਿਨ ਨੇ ਕਿਹਾ ਕਿ ਭਾਰਤ ਅਤੇ ਰੂਸ ਖਾਸ ਕਰਕੇ ਭਾਰਤ ’ਚ ਹੀ ਅਤਿ ਆਧੁਨਿਕ ਹਥਿਆਰ ਪ੍ਰਣਾਲੀ ਅਤੇ ਤਕਨਾਲੋਜੀ ਉਤਪਾਦਨ ਲਈ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਲਿਹਾਜ਼ ਨਾਲ ਭਾਰਤ, ਰੂਸ ਦਾ ਇਕਲੌਤਾ ਅਜਿਹਾ ਭਾਈਵਾਲ ਹੈ। ਅਮਰੀਕਾ, ਭਾਰਤ, ਬ੍ਰਿਟੇਨ, ਜਰਮਨੀ ਅਤੇ ਫਰਾਂਸ ਸਮੇਤ ਦੁਨੀਆ ਦੀਆਂ ਕੁਝ ਖਾਸ ਕੌਮਾਂਤਰੀ ਖ਼ਬਰ ਏਜੰਸੀਆਂ ਦੇ ਚੋਣਵੇਂ ਸੰਪਾਦਕਾਂ ਨਾਲ ਗੱਲਬਾਤ ’ਚ ਰੂਸੀ ਰਾਸ਼ਟਰਪਤੀ ਨੇ ਵੱਖ ਵੱਖ ਸਵਾਲਾਂ ਦੇ ਜਵਾਬ ਦਿੱਤੇ ਜਿਨ੍ਹਾਂ ’ਚ ਰੂਸ-ਅਮਰੀਕਾ ਸਬੰਧ, ਮਹਾਮਾਰੀ ਦੇ ਹਾਲਾਤ, ਰੂਸ ਵਿਰੁੱਧ ਅਮਰੀਕੀ ਪਾਬੰਦੀਆਂ ਅਤੇ ਗਾਜ਼ਾ ਜਿਹੇ ਵਿਸ਼ੇ ਸ਼ਾਮਲ ਸਨ। -ਪੀਟੀਆਈ