ਇਸਲਾਮਾਬਾਦ, 7 ਜੁਲਾਈ
ਇੱਕ ਪਾਕਿਸਤਾਨੀ ਵਿਅਕਤੀ ਜੋ ਦੁਨੀਆ ਦੀ ਸਭ ਤੋਂ ਉੱਚੇ ਪਹਾੜਾਂ ਵਿੱਚੋਂ ਇੱਕ ’ਤੇ ਚੜ੍ਹਨ ਵਾਲਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ ਸੀ, ਇੱਕ ਹੋਰ ਚੋਟੀ ਦੀ ਮੁਹਿੰਮ ਦੌਰਾਨ ਲਾਪਤਾ ਹੋਣ ਮਗਰੋਂ ਸੁਰੱਖਿਅਤ ਹੈ। ਇਹ ਜਾਣਕਾਰੀ ਅੱਜ ਇੱਥੇ ਇੱਕ ਅਧਿਕਾਰੀ ਨੇ ਦਿੱਤੀ। ਸ਼ਹਿਰੋਜ਼ ਕਾਸ਼ਿਫ਼ ਨੇ ਪਿਛਲੇ ਸਾਲ 19 ਸਾਲ ਦੀ ਉਮਰ ਵਿੱਚ ਕੇ2 ਨੂੰ ਸਰ ਕੀਤਾ ਸੀ। ਉਹ ਅਤੇ ਇੱਕ ਹੋਰ ਪਾਕਿਸਤਾਨੀ ਫਜ਼ਲ ਅਲੀ ਦੁਨੀਆ ਦੀ ਨੌਵੀਂ ਸਭ ਤੋਂ ਉੱਚੀ ਚੋਟੀ ਨਾਂਗਾ ਪਰਬਤ ਨੂੰ ਸਰ ਕਰਨ ਮਗਰੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਲਾਪਤਾ ਹੋ ਗਏ ਸਨ। ਦੋਵਾਂ ਦੀ ਦੇਸ਼ ਦੀ ਸੈਨਾ ਵੱਲੋਂ ਭਾਲ ਸ਼ੁਰੂ ਕੀਤੀ ਗਈ ਸੀ। ਇਹ ਦੋਵੇਂ ਪਰਬਤਾਰੋਹੀ ਮੰਗਲਵਾਰ ਨੂੰ ਨਾਂਗਾ ਪਰਬਤ ਦੀ ਚੋਟੀ ’ਤੇ ਪੁੱਜੇ ਸਨ ਅਤੇ ਉਤਰਦੇ ਸਮੇਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਾਂਗਾ ਪਰਬਤ ਦੇ ਖਤਰਨਾਕ ਹਾਲਾਤ ਕਾਰਨ ਇਸ ਨੂੰ ‘ਕਿੱਲਰ ਮਾਊਂਟੇਨ’ ਵਜੋਂ ਜਾਣਿਆ ਜਾਂਦਾ ਹੈ। ਪਾਕਿਸਤਾਨ ਦੇ ਅਲਪਾਈਨ ਕਲੱਬ ਦੇ ਸਕੱਤਰ ਕੱਰਾਰ ਹੈਦਰੀ ਨੇ ਦੱਸਿਆ ਕਿ ਦੋਵੇਂ ਪਰਬਤਾਰੋਹੀਆਂ ਨੂੰ ਬੀਤੇ ਦਿਨ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਉਹ ਸੁਰੱਖਿਅਤ ਹਨ ਅਤੇ ਆਪਣੇ-ਆਪ ਹੇਠਾਂ ਉੱਤਰ ਰਹੇ ਹਨ। ਹੈਦਰੀ ਨੇ ਕਿਹਾ ਕਿ ਖਰਾਬ ਮੌਸਮ ਨੇ ਬਚਾਅ ਮੁਹਿੰਮ ਵਿੱਚ ਰੁਕਾਵਟ ਪਾਈ ਸੀ। ਇੱਕ ਬਿਆਨ ਵਿੱਚ ਸੈਨਾ ਨੇ ਵੀ ਕਿਹਾ ਕਿ ਉਨ੍ਹਾਂ ਪਰਬਤਾਰੋਹੀਆਂ ਨੂੰ ਲਿਆਉਣ ਲਈ ਹੈਲੀਕਾਪਟਰ ਭੇਜਿਆ ਸੀ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਆਈ। -ਏਪੀ