ਵਾਸ਼ਿੰਗਟਨ, 16 ਸਤੰਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਵੰਬਰ ਵਿਚ ਹੋਣ ਵਾਲੀਆਂ ਮੱਧਕਾਲੀ (ਸੈਨੇਟ ਤੇ ਪ੍ਰਤੀਨਿਧੀ ਸਭਾ) ਚੋਣਾਂ ਦੇ ਮੱਦੇਨਜ਼ਰ ਭਾਰਤੀ-ਅਮਰੀਕੀ ਭਾਈਚਾਰੇ ਨੂੰ ਖਿੱਚਣ ਦਾ ਯਤਨ ਕਰ ਰਹੇ ਹਨ। ਇਸ ਲਈ ਉਹ ਹਿੰਦੀ ਵਿਚ ਨਾਅਰਿਆਂ ਦਾ ਅਭਿਆਸ ਕਰ ਰਹੇ ਹਨ। ‘ਰਿਪਬਲਿਕਨ ਹਿੰਦੂ ਕੋਏਲਿਸ਼ਨ’ (ਆਰਐਚਸੀ) ਵੱਲੋਂ ਜਾਰੀ ਇਕ ਵੀਡੀਓ ਵਿਚ ਟਰੰਪ ‘ਭਾਰਤ ਤੇ ਅਮਰੀਕਾ ਸਭ ਤੋਂ ਅੱਛੇ ਦੋਸਤ’ ਨਾਅਰੇ ਦਾ ਅਭਿਆਸ ਕਰਦੇ ਹੋਏ ਨਜ਼ਰ ਆ ਰਹੇ ਹਨ। 30 ਸਕਿੰਟ ਦੀ ਵੀਡੀਓ ਵਿਚ ਟਰੰਪ ਸ਼ਿਕਾਗੋ ਦੇ ਆਪਣੇ ਸਮਰਥਕ ਕਾਰੋਬਾਰੀ ਸ਼ਲਭ ਕੁਮਾਰ ਨਾਲ ਬੈਠੇ ਹਨ। ਇਹ ਨਵਾਂ ਨਾਅਰਾ ਟਰੰਪ ਦੇ 2016 ਦੇ ਨਾਅਰੇ ‘ਅਬਕੀ ਬਾਰ ਟਰੰਪ ਸਰਕਾਰ’ ਦੀ ਸਫ਼ਲਤਾ ਤੋਂ ਪ੍ਰਭਾਵਿਤ ਹੈ। ਸ਼ਲਭ ਕੁਮਾਰ ਨੇ ਇਹ ਨਾਅਰੇ ਤਿਆਰ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਇਕ ਇੰਟਰਵਿਊ ਵਿਚ ਕਿਹਾ ਕਿ ਆਰਐਚਸੀ ਵੱਲੋਂ ਇਸੇ ਹਫ਼ਤੇ ਸਾਬਕਾ ਰਾਸ਼ਟਰਪਤੀ ਦੇ ਨਾਅਰੇ ਰਿਲੀਜ਼ ਕੀਤੇ ਜਾਣਗੇ। ਮੱਧਕਾਲੀ ਸੈਨੇਟ ਚੋਣਾਂ ਪੈੱਨਸਿਲਵੇਨੀਆ, ਓਹਾਇਓ, ਵਿਸਕੌਂਸਿਨ, ਐਰੀਜ਼ੋਨਾ ਤੇ ਜੌਰਜੀਆ ਵਿਚ ਹੋਣਗੀਆਂ। ਇੱਥੇ ਰਹਿੰਦਾ ਹਿੰਦੂ ਭਾਈਚਾਰਾ ਚੋਣਾਂ ਦਾ ਰੁਖ਼ ਮੋੜਨ ਦੀ ਸਮਰੱਥਾ ਰੱਖਦਾ ਹੈ। -ਪੀਟੀਆਈ