ਫਲੋਰਿਡਾ, 17 ਮਈ
‘ਮਿਸ ਮੈਕਸਿਕੋ’ ਐਂਡਰੀਆ ਮੇਜ਼ਾ ਨੇ ਸਾਲ 2020 ਦਾ ‘ਮਿਸ ਯੂਨੀਵਰਸ’ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਮੁਕਾਬਲੇ ਵਿਚ 74 ਦੇਸ਼ਾਂ ਦੀ ਸ਼ਮੂਲੀਅਤ ਸੀ। ‘ਮਿਸ ਇੰਡੀਆ’ ਐਡਲਿਨ ਕੈਸਟੇਲੀਨੋ ਇਸ ਸੁੰਦਰਤਾ ਮੁਕਾਬਲੇ ਵਿਚ ਚੌਥੇ ਨੰਬਰ ਉਤੇ ਰਹੀ। ਮੁਕਾਬਲਾ ਐਤਵਾਰ ਰਾਤ ਇੱਥੇ ਹੌਲੀਵੁੱਡ ਦੇ ‘ਹਾਰਡ ਰੌਕ ਹੋਟਲ ਐਂਡ ਕੈਸੀਨੋ’ ਵਿਚ ਹੋਇਆ। ਮਹਾਮਾਰੀ ਕਾਰਨ ਸਮਾਰੋਹ ਵਿਚ ਜ਼ਿਆਦਾ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। 26 ਸਾਲਾ ਮੇਜ਼ਾ ਦੇ ਸਿਰ ਤਾਜ 2019 ਦੀ ਜੇਤੂ ਦੱਖਣੀ ਅਫ਼ਰੀਕਾ ਦੀ ਜ਼ੋਜ਼ੀਬਿਨੀ ਤੁੰਜ਼ੀ ਨੇ ਸਜਾਇਆ। ਬ੍ਰਾਜ਼ੀਲ ਦੀ ਜੂਲੀਆ ਗਾਮਾ (28) ਰਨਰ ਅੱਪ ਰਹੀ ਤੇ ਪੇਰੂ ਦੀ ਜੈਨਿਕ ਮਾਸੀਟਾ (27) ਤੀਜੇ ਸਥਾਨ ਉਤੇ ਰਹੀ। ਕੈਸਟੇਲਿਨੋ (22) ਨੂੰ ‘ਮਿਸ ਡੀਵਾ ਯੂਨੀਵਰਸ ਇੰਡੀਆ’ ਨੇ ਵਧਾਈ ਦਿੱਤੀ ਹੈ। ਤਿੰਨ ਘੰਟੇ ਚੱਲ ਇਸ ਮੁਕਾਬਲੇ ਦੌਰਾਨ ਸੁਪਰਹਿੱਟ ਗੀਤ ‘ਡੈਸਪੈਸੀਟੋ’ ਗਾਉਣ ਵਾਲੇ ਲੂਈਸ ਫੌਂਸੀ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਮੇਜ਼ਬਾਨੀ ਮਾਰੀਓ ਲੋਪੇਜ਼ ਤੇ ਓਲੀਵੀਆ ਕਲਪੋ ਨੇ ਕੀਤੀ। ਮੈਕਸਿਕੋ ਨੇ ਤੀਜੀ ਵਾਰ ਇਹ ਖ਼ਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਮੁਲਕ 2010 ਤੇ 1991 ਵਿਚ ਵੀ ‘ਮਿਸ ਯੂਨੀਵਰਸ’ ਖਿਤਾਬ ਜਿੱਤ ਚੁੱਕਾ ਹੈ। -ਪੀਟੀਆਈ
ਸਮਾਰੋਹ ਦੌਰਾਨ ਮਿਆਂਮਾਰ ਦੇ ਮੁੱਦੇ ਦੀ ਗੂੰਜ ਪਈ
‘ਮਿਸ ਯੂਨੀਵਰਸ’ ਮੁਕਾਬਲੇ ਵਿਚ ਮਿਆਂਮਾਰ ਦੀ ਨੁਮਾਇੰਦਗੀ ਕਰ ਰਹੀ ਥੁਜ਼ਾਰ ਵਿੰਟ ਲਵਿਨ ਨੇ ਇਸ ਮੌਕੇ ਨੂੰ ਵਰਤਦਿਆਂ ਸੰਸਾਰ ਦੇ ਲੋਕਾਂ ਦਾ ਧਿਆਨ ਆਪਣੇ ਮੁਲਕ ਦੇ ਹਾਲਾਤ ਵੱਲ ਖਿੱਚਿਆ। ਉਸ ਨੇ ਚੁਣੀ ਹੋਈ ਸਰਕਾਰ ਦਾ ਰਾਜ ਪਲਟਾਉਣ ਵਾਲੀ ਫ਼ੌਜ (ਜੁੰਟਾ) ਵਿਰੁੱਧ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ‘ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਮਿਆਂਮਾਰ ਦਾ ਮੁੱਦਾ ਉਠਾਓ। ਮੈਂ ਜਿੰਨਾ ਹੋ ਸਕਦਾ ਸੀ ਬੋਲ ਰਹੀ ਹਾਂ। ਸਾਡੇ ਲੋਕਾਂ ਨੂੰ ਫ਼ੌਜ ਨਿੱਤ ਕਤਲ ਕਰ ਰਹੀ ਹੈ।’ ਇਹ ਸੁਨੇਹਾ ਉਸ ਨੇ ਇਕ ਵੀਡੀਓ ਰਾਹੀਂ ਦਿੱਤਾ। -ਰਾਇਟਰਜ਼