ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 31 ਅਗਸਤ
ਇੱਥੋਂ ਦੇ ਉੱਤਰ-ਪੱਛਮੀ ਇਲਾਕੇ ’ਚ ਵਾਪਰੇ ਇੱਕ ਸੜਕ ਹਾਦਸੇ ’ਚ ਗਾਇਕ ਨਿਰਵੈਰ ਸਿੰਘ (31) ਦੀ ਮੌਤ ਹੋ ਗਈ। ਪੰਜਾਬ ਦੇ ਕੁਰਾਲੀ ਸ਼ਹਿਰ ਨਾਲ ਸਬੰਧਤ ਇਹ ਨੌਜਵਾਨ ਲੰਮੇ ਸਮੇਂ ਤੋਂ ਮੈਲਬਰਨ ਵਿੱਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਜਦੋਂ ਉਹ ਆਪਣੀ ਕਾਰ ਵਿੱਚ ਕਿਤੇ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਉਸ ਦੀ ਕਾਰ ’ਚ ਆ ਕੇ ਵੱਜੀ, ਜਿਸ ਕਾਰਨ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਪੁਲੀਸ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਸਥਾਨਕ ਲੜਕੇ ਤੇ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇਸ ਸਮੇਂ ਪੁਲੀਸ ਨਿਗਰਾਨੀ ਹੇਠ ਇੱਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।