ਲੰਡਨ, 8 ਮਾਰਚ
ਬਰਤਾਨੀਆ ਦੇ ਸ਼ਹਿਜ਼ਾਦੇ ਹੈਰੀ ਦੀ ਪਤਨੀ ਤੇ ਹੌਲੀਵੁੱਡ ਅਦਾਕਾਰਾ ਮੇਗਨ ਮਰਕਲ ਨੇ ਸ਼ਾਹੀ ਪਰਿਵਾਰ ’ਤੇ ਨਸਲਵਾਦ, ਝੂਠ ਬੋਲਣ ਤੇ ਉਸ ਨੂੰ ਖ਼ੁਦਕਸ਼ੀ ਬਾਰੇ ਸੋਚਣ ਲਈ ਮਜਬੂਰ ਕਰਨ ਜਿਹੇ ਸੰਗੀਨ ਦੋਸ਼ ਲਾਏ ਹਨ। ਮਰਕਲ ਨੇ ਬਰਤਾਨੀਆ ਦੇ ਸ਼ਾਹੀ ਪਰਿਵਾਰ ਅਤੇ ਆਪਣੇ ਸਹੁਰਿਆਂ ’ਤੇ ਇਹ ਇਲਜ਼ਾਮ ਓਪਰਾ ਵਿਨਫ਼ਰੇ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਲਾਏ। ਜ਼ਿਕਰਯੋਗ ਹੈ ਕਿ ਮਰਕਲ ਦੀ ਮਾਂ ਸਿਆਹਫਾਮ ਤੇ ਪਿਤਾ ਗੋਰੇ ਹਨ। ਨੂੰਹ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਕਾਰਨ ਸ਼ਾਹੀ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੌਰਾਨ ਹੈਰੀ ਤੇ ਮੇਗਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਦੂਜੀ ਔਲਾਦ ਬੇਟੀ ਹੋਵੇਗੀ। ਵਿਨਫ਼ਰੇ ਨਾਲ ਹੋਈ ਇੰਟਰਵਿਊ ਐਤਵਾਰ ਰਾਤ ਪ੍ਰਸਾਰਿਤ ਕੀਤੀ ਗਈ ਸੀ। ਇਸ ਜੋੜੇ ਦਾ ਪਹਿਲਾਂ ਇਕ ਪੁੱਤਰ ਹੈ।
ਮੇਗਨ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਮਾਂ ਬਣਨ ਵਾਲੀ ਸੀ ਤਾਂ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੇ ਰੰਗ ਬਾਰੇ ਵੀ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਹੈਰੀ ਤੇ ਮੇਗਨ ਨੇ ਮਈ 2018 ਵਿੱਚ ਵਿਆਹ ਕਰਵਾਇਆ ਸੀ। ਜੋੜਾ ਹੁਣ ਸ਼ਾਹੀ ਪਰਿਵਾਰ ਨੂੰ ਛੱਡ ਉੱਤਰੀ ਅਮਰੀਕਾ ਵਿੱਚ ਰਹਿ ਰਿਹਾ ਹੈ। -ਪੀਟੀਆਈ