ਨਵੀਂ ਦਿੱਲੀ, 10 ਦਸੰਬਰ
ਜਾਪਾਨੀ ਹਵਾਈ ਫ਼ੌਜ ਦੇ ਮੁਖੀ ਜਨਰਲ ਇਜ਼ੁਤਸੂ ਸ਼ੁਨਜੀ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਰਾਹ ਤਲਾਸ਼ਣ ਲਈ ਭਾਰਤ ਦੌਰੇ ’ਤੇ ਹਨ। ਉਨ੍ਹਾਂ ਦਾ ਇਹ ਦੌਰਾ ਮਾਲਾਬਾਰ ਜਲ ਸੈਨਾ ਦੀਆਂ ਮਸ਼ਕਾਂ ਤੋਂ ਤਿੰਨ ਹਫ਼ਤੇ ਬਾਅਦ ਹੋ ਰਿਹਾ ਹੈ, ਜਿਸ ਵਿੱਚ ਚਾਰ ਦੇਸ਼ਾਂ ਨੇ ਹਿੱਸਾ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਅੱਜ ਆਪਣੇ ਜਾਪਾਨੀ ਹਮਰੁਤਬਾ ਜਨਰਲ ਸ਼ੁਨਜੀ ਨਾਲ ਲੰਮੀ ਗੱਲਬਾਤ ਕੀਤੀ, ਜੋ ਦੋਵਾਂ ਹਵਾਈ ਫ਼ੌਜਾਂ ਵਿਚਾਲੇ ਸਹਿਯੋਗ ਹੋਰ ਮਜ਼ਬੂਤ ਕਰਨ ’ਤੇ ਕੇਂਦਰਿਤ ਸੀ। ਜਾਪਾਨੀ ਫ਼ੌਜ ਅਧਿਕਾਰੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਸਮੁੰਦਰੀ ਫ਼ੌਜ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਥਲ ਫੌਜ ਦੇ ਉਪ ਮੁਖੀ ਲੈਫ਼ਟੀਨੈਂਟ ਜਨਰਲ ਐੱਸ ਕੇ ਸੈਣੀ ਨਾਲ ਵੀ ਵੱਖ-ਵੱਖ ਮੀਟਿੰਗਾਂ ਕੀਤੀਆਂ। ਇੱਕ ਅਧਿਕਾਰੀ ਨੇ ਦੱਸਿਆ, ‘‘ਦੋਵਾਂ ਮੁਲਕਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਰਾਹ ਤਲਾਸ਼ਣ ਲਈ ਇਹ ਮੀਟਿੰਗਾਂ ਕੀਤੀਆਂ ਗਈਆਂ।’’ -ਪੀਟੀਆਈ