ਹਾਂਗਕਾਂਗ, 10 ਅਗਸਤ
ਹਾਂਗਕਾਂਗ ’ਚ ਮੀਡੀਆ ਦੇ ਬੇਤਾਜ ਬਾਦਸ਼ਾਹ ਜਿੰਮੀ ਲਾਏ ਚੀ-ਯਿੰਗ ਨੂੰ ਵਿਦੇਸ਼ੀ ਤਾਕਤਾਂ ਨਾਲ ਕਥਿਤ ਗੰਢ-ਤੁਪ ਦੇ ਸ਼ੱਕ ਹੇਠ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਉਸ ਦੇ ਨੈਕਸਟ ਡਿਜੀਟਲ ਗਰੁੱਪ ਦੇ ਹੈੱਡਕੁਆਰਟਰ ਦੀ ਵੀ ਤਲਾਸ਼ੀ ਲਈ। ਪਿਛਲੇ ਸਾਲ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ’ਚ ਪੇਈਚਿੰਗ ਵੱਲੋਂ ਲਾਗੂ ਕੀਤੇ ਗਏ ਨਵੇਂ ਕੌਮੀ ਸੁਰੱਖਿਆ ਕਾਨੂੰਨ ਤਹਿਤ ਇਹ ਵੱਡੀ ਗ੍ਰਿਫ਼ਤਾਰੀ ਹੋਈ ਹੈ। ਹਾਂਗਕਾਂਗ ਪੁਲੀਸ ਨੇ ਕਿਹਾ ਕਿ ਕੌਮੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਸ਼ੱਕ ਹੇਠ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਬਿਆਨ ’ਚ ਕਿਸੇ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਰਸਾਲੇ ‘ਐਪਲ ਡੇਲੀ’ ਦੇ ਮਾਲਕ ਲਾਏ ਹਾਂਗਕਾਂਗ ’ਚ ਜਮਹੂਰੀਅਤ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਹਸਤੀਆਂ ’ਚ ਸ਼ੁਮਾਰ ਹੈ। ਪੁਲੀਸ ਨੇ ਮੀਡੀਆ ਗਰੁੱਪ ਦੇ ਕਈ ਹੋਰ ਮੈਂਬਰਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਹੈ।