ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 6 ਜੁਲਾਈ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਥੋਂ ਦੇ ਮੂਲ ਵਾਸੀਆਂ ਨੂੰ ਮਾਣ ਦਿੰਦਿਆਂ ਦੇਸ਼ ਦੀ ਅਗਲੀ ਗਵਰਨਰ ਜਨਰਲ ਵਜੋਂ ਮੈਰੀ ਸਾਈਮਨ ਦੀ ਸਿਫ਼ਾਰਿਸ਼ ਕਰ ਕੇ ਉਸ ’ਤੇ ਮਹਾਰਾਣੀ ਅਲਿਜ਼ਾਬੈਥ ਦੀ ਮੋਹਰ ਲਵਾ ਲਈ ਹੈ। ਉਹ ਡੈਨਮਾਰਕ ਵਿਚ ਕੈਨੇਡਾ ਦੀ ਸਫ਼ੀਰ ਰਹਿ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਇੰਜ ਕਰਕੇ ਪ੍ਰਧਾਨ ਮੰਤਰੀ ਨੇ ਪਿਛਲੀ ਸਦੀ ਵਿਚ ਮੂਲ ਵਾਸੀਆਂ ਨਾਲ ਹੋਏ ਧੱਕੇ ਦੇ ਗੁੱਸੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਹੈ। ਕੰਮ ਚਲਾਊ ਗਵਰਨਰ ਜਨਰਲ ਜੂਲੀ ਪਾਏਟੀ ਦੇ ਆਪਣੇ ਦਫ਼ਰਤੀ ਕਾਮਿਆਂ ਨਾਲ ਦੁਰਵਿਹਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਮਗਰੋਂ ਉਨ੍ਹਾਂ ਨੇ ਇਸ ਸਾਲ ਜਨਵਰੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ। ਉਦੋਂ ਤੋਂ ਰਿਚਰਡ ਵਾਂਗਨਰ ਪ੍ਰਸ਼ਾਸਕ ਵਜੋਂ ਇਹ ਜ਼ਿੰਮੇਵਾਰੀ ਨਿਭਾਅ ਰਹੇ ਹਨ। ਕੈਨੇਡਾ ਉਤੇ ਬ੍ਰਿਟਿਸ਼ ਸਾਮਰਾਜ ਦਾ ਗਲਬਾ ਰਿਹਾ ਹੋਣ ਕਾਰਨ ਅਜੇ ਵੀ ਉਥੋਂ ਦੀ ਮਹਾਰਾਣੀ ਨੂੰ ਸਰਪ੍ਰਸਤ ਮੰਨਿਆ ਜਾਂਦਾ ਹੈ। ਗਵਰਨਰ ਜਨਰਲ ਨੂੰ ਮਹਾਰਾਣੀ ਦਾ ਪ੍ਰਤੀਨਿਧ ਮੰਨੇ ਜਾਣ ਕਾਰਨ ਉਨ੍ਹਾਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮਹਾਰਾਣੀ ਨੇ ਪ੍ਰਧਾਨ ਮੰਤਰੀ ਵੱਲੋਂ ਮਿਸ ਮੈਰੀ ਸਾਈਮਨ ਦੇ ਭੇਜੇ ਨਾਂਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਰੀ ਸਾਈਮਨ ਨੇ ਮੂਲ ਵਾਸੀਆਂ ਦੀ ਭਲਾਈ ਲਈ ਕਈ ਕੰਮ ਕੀਤੇ ਤੇ ਉਨ੍ਹਾਂ ਦੇ ਹੱਕਾਂ ਲਈ ਯਤਨਸ਼ੀਲ ਰਹੀ। ਦੇਸ਼ ਦੇ ਮੂਲ ਵਾਸੀਆਂ ਵਿੱਚੋਂ ਉਹ ਪਹਿਲੀ ਗਵਰਨਰ ਜਨਰਲ ਹੋਵੇਗੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 154 ਸਾਲ ਪੁਰਾਣੇ ਇਤਿਹਾਸ ਵਿੱਚ ਪਹਿਲੀ ਵਾਰ ਮੂਲ ਵਾਸੀਆਂ ਨੂੰ ਇਹ ਮਾਣ ਦਿੱਤਾ ਜਾ ਰਿਹਾ ਹੈ, ਜਿਸ ਦੇ ਉਹ ਹੱਕਦਾਰ ਹਨ। ਇਥੋਂ ਦੇ ਸਿਆਸੀ ਪੰਡਤ ਇਸ ਚੋਣ ਨੂੰ ਪਾਰਲੀਮੈਂਟ ਦੀਆਂ ਮੱਧਕਾਲੀ ਚੋਣਾਂ ਨਾਲ ਜੋੜ ਕੇ ਵੇਖ ਰਹੇ ਹਨ। ਸਮਝਿਆ ਜਾਂਦਾ ਹੈ ਕਿ ਪਾਰਟੀ ਲਈ ਸਾਜ਼ਗਾਰ ਮਾਹੌਲ ਦੇ ਮੱਦੇਨਜ਼ਰ ਜਸਟਿਨ ਟਰੂਡੋ ਕਿਸੇ ਵੇਲੇ ਵੀ ਸੰਸਦ ਭੰਗ ਕਰਵਾ ਕੇ ਗਵਰਨਰ ਜਨਰਲ ਤੋਂ ਚੋਣਾਂ ਦਾ ਐਲਾਨ ਕਰਵਾ ਸਕਦੇ ਹਨ।