ਕੀਵ, 18 ਮਈ
ਰੂਸ ਨੇ ਦਾਅਵਾ ਕੀਤਾ ਹੈ ਕਿ ਮਾਰੀਓਪੋਲ ਦੇ ਸਟੀਲ ਪਲਾਂਟ ’ਚ ਲੁਕੇ ਬੈਠੇ ਕਰੀਬ ਇਕ ਹਜ਼ਾਰ ਯੂਕਰੇਨੀ ਜਵਾਨਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਅਵੋਜ਼ਸਤਲ ਸਟੀਲ ਪਲਾਂਟ ’ਚੋਂ ਯੂਕਰੇਨੀ ਫ਼ੌਜੀਆਂ ਦੇ ਨਿਕਲਣ ਨਾਲ ਮਾਰੀਓਪੋਲ ’ਤੇ ਰੂਸ ਦਾ ਤਕਰੀਬਨ ਪੂਰਾ ਕਬਜ਼ਾ ਹੋ ਗਿਆ ਹੈ। ਮਾਰੀਓਪੋਲ ’ਤੇ ਜਿੱਤ ਤੈਅ ਹੋਣ ਮਗਰੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਧਰਵਾਸ ਮਿਲੇਗਾ ਕਿਉਂਕਿ ਜੰਗ ਦੌਰਾਨ ਉਨ੍ਹਾਂ ਦੀਆਂ ਕਈ ਯੋਜਨਾਵਾਂ ਨਾਕਾਮ ਹੋ ਗਈਆਂ ਸਨ। ਉਧਰ ਆਤਮ ਸਮਰਪਣ ਕਰਨ ਵਾਲੇ ਜਵਾਨਾਂ ਦਾ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ ਕਿਉਂਕਿ ਯੂਕਰੇਨ ਨੇ ਆਸ ਜਤਾਈ ਹੈ ਕਿ ਉਹ ਕੈਦੀਆਂ ਦੀ ਅਦਲਾ-ਬਦਲੀ ਕਰਕੇ ਉਨ੍ਹਾਂ ਨੂੰ ਛੁਡਵਾ ਲਵੇਗਾ ਪਰ ਰੂਸ ਆਖ ਰਿਹਾ ਹੈ ਕਿ ਉਹ ਜੰਗੀ ਅਪਰਾਧ ਲਈ ਇਨ੍ਹਾਂ ’ਚੋਂ ਕੁਝ ਜਵਾਨਾਂ ’ਤੇ ਮੁਕੱਦਮੇ ਚਲਾਏਗਾ। ਰੂਸ ਦੇ ਸਿਖਰਲੇ ਵਕੀਲ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਯੂਕਰੇਨੀ ਅਜ਼ੋਵ ਰੈਜੀਮੈਂਟ ਨੂੰ ਦਹਿਸ਼ਤੀ ਜਥੇਬੰਦੀ ਐਲਾਨਿਆ ਜਾਵੇ। ਦੋਵੇਂ ਮੁਲਕ ਆਪੋ ਆਪਣੇ ਤਰੀਕਿਆਂ ਨਾਲ ਮਾਰੀਓਪੋਲ ’ਚ ਜਿੱਤ ਦੇ ਦਮਗਜ਼ੇ ਮਾਰ ਰਹੇ ਹਨ। ਰੂਸ ਹੁਣ ਮਾਰੀਓਪੋਲ ਮਗਰੋਂ ਡੋਨਬਾਸ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ। -ਏਪੀ
ਸਵੀਡਨ ਅਤੇ ਫਿਨਲੈਂਡ ਨੇ ਨਾਟੋ ’ਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ
ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਤੋਂ ਫਿਕਰਮੰਦ ਸਵੀਡਨ ਅਤੇ ਫਿਨਲੈਂਡ ਨੇ ਨਾਟੋ ਮੁਲਕਾਂ ਦੇ ਗੱਠਜੋੜ ’ਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਹੈ। ਪੂਤਿਨ ਨੇ ਯੂਕਰੇਨ ’ਤੇ ਇਸ ਲਈ ਹਮਲਾ ਕੀਤਾ ਸੀ ਤਾਂ ਜੋ ਨਾਟੋ ਗੱਠਜੋੜ ਦਾ ਵਿਸਥਾਰ ਨਾ ਹੋ ਸਕੇ ਪਰ ਇਹ ਰਣਨੀਤੀ ਪੁੱਠੀ ਪੈ ਗਈ ਜਾਪਦੀ ਹੈ। ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਕਿਹਾ ਕਿ ਉਹ ਸਵੀਡਨ ਅਤੇ ਫਿਨਲੈਂਡ ਦੀਆਂ ਅਰਜ਼ੀਆਂ ਦਾ ਸਵਾਗਤ ਕਰਦੇ ਹਨ। ਹੁਣ ਦੋਵੇਂ ਮੁਲਕਾਂ ਦੀਆਂ ਅਰਜ਼ੀਆਂ ’ਤੇ 30 ਮੈਂਬਰ ਮੁਲਕਾਂ ਵੱਲੋਂ ਵਿਚਾਰ ਕੀਤਾ ਜਾਵੇਗਾ। -ਏਪੀ
ਹਸਪਤਾਲਾਂ ’ਤੇ ਹੋਏ ਹਮਲਿਆਂ ਦੀ ਜਾਂਚ ਹੋਵੇ: ਡਬਲਿਊਐਚਓ
ਕੀਵ: ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਅੱਜ ਕਿਹਾ ਕਿ ਯੂਕਰੇਨ ਵਿਚ ਸਿਹਤ ਕੇਂਦਰਾਂ ਉਤੇ 226 ਹਮਲੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦ ਤੋਂ ਰੂਸ ਨੇ ਹਮਲਾ ਕੀਤਾ ਹੈ, ਇਕ ਦਿਨ ਵਿਚ ਕਰੀਬ ਤਿੰਨ ਹਮਲੇ ਦਰਜ ਕੀਤੇ ਗਏ ਹਨ। ਸੰਗਠਨ ਨੇ ਇਨ੍ਹਾਂ ਦੀ ਜਾਂਚ ਮੰਗੀ ਹੈ। ਅਧਿਕਾਰੀਆਂ ਮੁਤਾਬਕ ਹਸਪਤਾਲਾਂ ਤੇ ਐਂਬੂਲੈਂਸਾਂ ਉਤੇ ਹੋਏ ਹਮਲਿਆਂ ਵਿਚ ਕਰੀਬ 75 ਲੋਕ ਮਾਰੇ ਗਏ ਹਨ ਤੇ 49 ਫੱਟੜ ਹੋਏ ਹਨ। ਇਸ ਤੋਂ ਇਲਾਵਾ ਹਮਲਿਆਂ ਵਿਚ ਯੂਕਰੇਨ ਦਾ ਸਿਹਤ ਢਾਂਚਾ ਵੀ ਤਬਾਹ ਹੋਇਆ ਹੈ। -ਆਈਏਐੱਨਐੱਸ
ਰੂਸ ਨੇ ਸਪੇਨ ਦੇ 27 ਡਿਪਲੋਮੈਟ ਕੱਢੇ
ਮਾਸਕੋ: ਰੂਸ ਨੇ ਸਪੇਨ ਦੇ 27 ਡਿਪਲੋਮੈਟਾਂ ਨੂੰ ਮੁਲਕ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਡਿਪਲੋਮੈਟ ਇਕ ਹਫ਼ਤੇ ਦੇ ਅੰਦਰ ਮੁਲਕ ਛੱਡ ਕੇ ਚਲੇ ਜਾਣ। ਰੂਸ ਨੇ ਸਪੇਨ ਵੱਲੋਂ ਲਏ ਗਏ ਫ਼ੈਸਲੇ ਦੇ ਜਵਾਬ ’ਚ ਇਹ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਸਪੇਨ ਨੇ ਹੋਰ ਯੂਰੋਪੀਅਨ ਮੁਲਕਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਅਪਰੈਲ ’ਚ ਕਿਹਾ ਸੀ ਕਿ ਉਹ ਰੂਸ ਦੇ 25 ਡਿਪਲੋਮੈਟਾਂ ਅਤੇ ਮੈਡਰਿਡ ’ਚ ਸਫਾਰਤਖਾਨੇ ਦੇ ਅਮਲੇ ਨੂੰ ਕੱਢੇਗਾ। -ਰਾਇਟਰਜ਼